ਓਟਾਵਾ— ਕੈਨੇਡਾ ਦੀ ਸਿਆਸੀ ਗਰੀਨ ਪਾਰਟੀ ਦੀ ਨੇਤਾ ਐਲਿਜ਼ਾਬੈੱਥ ਮੇਅ ‘ਤੇ ਪ੍ਰੇਸ਼ਾਨੀਆਂ ਦੇ ਬੱਦਲ ਮੰਡਰਾ ਰਹੇ ਹਨ। 3 ਅਧਿਕਾਰੀਆਂ ਨੇ ਦੋਸ਼ ਲਗਾਏ ਹਨ ਕਿ ਉਹ ਕੰਮ ਦੌਰਾਨ ਹੋਰਾਂ ਨਾਲ ਬਹੁਤ ਬੁਰਾ ਵਿਵਹਾਰ ਕਰਦੀ ਹੈ ਅਤੇ ਉਨ੍ਹਾਂ ਦੀ ਗੱਲ-ਗੱਲ ‘ਤੇ ਬੇਇੱਜ਼ਤੀ ਕਰਦੀ ਹੈ। ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਗਰੀਨ ਪਾਰਟੀ ਵੱਲੋਂ ਇਕ ਬਾਹਰੀ ਵਕੀਲ ਦੀ ਮਦਦ ਲਈ ਜਾਵੇਗੀ।
ਪਿਛਲੇ ਹਫਤੇ ਮੇਅ ‘ਤੇ ਉਸ ਦੇ 3 ਸਾਬਕਾ ਕਰਮਚਾਰੀਆਂ ਵੱਲੋਂ ਦੋਸ਼ ਲਗਾਏ ਗਏ ਸਨ ਕਿ ਉਹ ਆਪਣੇ ਸਟਾਫ ਮੈਂਬਰਾਂ ਨੂੰ ਉੱਚੀ-ਉੱਚੀ ਬੋਲਦੀ ਹੈ, ਜੋ ਉਨ੍ਹਾਂ ਦੇ ਬਰਦਾਸ਼ ਤੋਂ ਬਾਹਰ ਹੈ। ਹਾਲਾਂਕਿ ਸੋਮਵਾਰ ਨੂੰ ‘ਹਾਊਸ ਆਫ ਕਾਮਨ’ ‘ਚ ਮੇਅ ਨੇ ਕਿਹਾ ਕਿ ਉਸ ਨੇ ਕਦੇ ਵੀ ਆਪਣੇ ਸਾਥੀ ਕਰਮਚਾਰੀਆਂ ਨਾਲ ਬੁਰਾ ਵਿਵਹਾਰ ਨਹੀਂ ਕੀਤਾ ਅਤੇ ਉੁਸ ਦਾ ਸੁਭਾਅ ਅਜਿਹਾ ਨਹੀਂ ਹੈ। ਉਸ ਨੇ ਕਿਹਾ ਕਿ ਉਹ ਵੀ ਇਸ ਗੱਲ ‘ਤੇ ਵਿਸ਼ਵਾਸ ਕਰਦੀ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਪਰ ਇਹ ਸਭ ਝੂਠੀਆਂ ਕਹਾਣੀਆਂ ਹਨ, ਜਿਨ੍ਹਾਂ ‘ਚ ਕੋਈ ਤੱਥ ਨਹੀਂ ਹੈ। ਮੇਅ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਜਲਦੀ ਜਾਂਚ ਹੋਵੇ ਤਾਂ ਕਿ ਸੱਚ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਇਹ ਜਾਂਚ 2 ਤੋਂ 4 ਹਫਤਿਆਂ ਤਕ ਚੱਲੇ ਅਤੇ ਸਾਰਾ ਸੱਚ ਜਨਤਕ ਕੀਤਾ ਜਾਵੇ।