ਟੋਰਾਂਟੋ, 4 ਦਸੰਬਰ
ਕੈਨੇਡਾ ਦੇ ਕਿਊਬੈੱਕ ਸੂਬੇ ਦੀ ਸਰਕਾਰ ਵੱਲੋਂ ਪਾਸ ਕੀਤੇ ਨਕਾਬ ਵਿਰੋਧੀ ‘ਬਿੱਲ-62’ ਉੱਤੇ ਅਦਾਲਤ ਨੇ ਰੋਕ ਲਾ ਦਿੱਤੀ ਹੈ। ਇਸ ਵਿਵਾਦਿਤ ਕਾਨੂੰਨ ਦੇ ਕੁਝ ਨੁਕਤਿਆਂ ’ਤੇ ਇਤਰਾਜ਼ ਕਰਦਿਆਂ ਸੁਪੀਰੀਅਰ ਕੋਰਟ ਨੇ ਕਿਹਾ ਕਿ ਇਹ ‘ਪਾਬੰਦੀ’ ਓਨਾ ਚਿਰ ਅਮਲ ਵਿੱਚ ਨਹੀਂ ਲਿਆਂਦੀ ਜਾ ਸਕਦੀ, ਜਿੰਨਾ ਚਿਰ ਸਰਕਾਰ ਇਸ ਬਾਰੇ ਕੋਈ ਪੁਖਤਾ ਨਿਯਮ ਨਹੀਂ ਬਣਾਉਂਦੀ। ਇਸ ਪਾਬੰਦੀ ਤੋਂ ਕਿਊਬੈੱਕ ਵਿੱਚ ਰਹਿੰਦਾ ਮੁਸਲਿਮ ਭਾਈਚਾਰਾ ਕਾਫ਼ੀ ਖ਼ਫ਼ਾ ਹੈ।
ਨਵੇਂ ਕਾਨੂੰਨ ਤਹਿਤ ਬੁਰਕਾਧਾਰੀ ਔਰਤਾਂ ਨੂੰ ਬੱਸਾਂ, ਲਾਇਬਰੇਰੀਆਂ, ਹਸਪਤਾਲਾਂ ਜਾਂ ਸਕੂਲਾਂ ਵਿੱਚ ਸੇਵਾਵਾਂ ਲੈਣ ਸਮੇਂ ਆਪਣਾ ਚਿਹਰਾ ਨੰਗਾ ਰੱਖਣਾ ਜ਼ਰੂਰੀ ਹੋਵੇਗਾ। ਜੱਜ ਬਾਬੇਕ ਬੈਰਿਨ ਨੇ ਨਕਾਬਬੰਦੀ ਕਾਨੂੰਨ ਦੀ ‘ਧਾਰਾ 10’ ਨੂੰ ਵਕਤੀ ਤੌਰ ’ਤੇ ਸਸਪੈਂਡ ਕਰ ਦਿੱਤਾ ਹੈ। ਉਧਰ ਸਰਕਾਰ ਨੇ ਸੰਕੇਤ ਦਿੱਤੇ ਹਨ ਕਿ ਇਸ ਬਾਰੇ ਨਿਯਮ ਅਜੇ ਅਗਲੇ ਸਾਲ ਦੇ ਅਖੀਰ ਤੱਕ ਬਣਨ ਦੀ ਸੰਭਾਵਨਾ ਹੈ। ਇਹ ਨਕਾਬਬੰਦੀ ਵਾਲਾ ਕਾਨੂੰਨ ਕੁਝ ਮਹੀਨੇ ਪਹਿਲਾਂ ਪਾਸ ਹੋਇਆ ਸੀ ਜਿਸ ਨੂੰ ਮੁਸਲਿਮ ਸੰਸਥਾਵਾਂ ਅਤੇ ਲੋਕ ਹੱਕੀ ਵਕੀਲਾਂ ਨੇ ਚੁਣੌਤੀ ਦਿੱਤੀ ਸੀ।