ਬਰੈਂਪਟਨ – ਫਿਊਲ ਟ੍ਰਾਂਜ਼ਿਟ ਸਿਸਟਮ ਦੇ ਪਸਾਰ ਲਈ ਬਰੈਂਪਟਨ ਨੂੰ ਓਨਟਾਰੀਓ ਸਰਕਾਰ ਤੋਂ 11 ਮਿਲੀਅਨ ਡਾਲਰ ਤੋਂ ਵੱਧ ਦੀ ਵਿੱਤੀ ਮਦਦ ਮਿਲੇਗੀ।
ਇਸ ਸਬੰਧ ‘ਚ ਟਰਾਂਸਪੋਰਟ ਮੰਤਰੀ ਸਟੀਵਨ ਡੈੱਲ ਡੂਕਾ ਵੱਲੋਂ ਸੈਂਡਲਵੁੱਡ ਪਾਰਕਵੇਅ ‘ਚ ਕੀਤੇ ਗਏ ਐਲਾਨ ਮੌਕੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਅਤੇ ਬਰੈਂਪਟਨ ਸਪਰਿੰਗਡੇਲ ਤੋਂ ਐਮ. ਪੀ. ਹਰਿੰਦਰ ਮੱਲ੍ਹੀ ਵੀ ਹਾਜ਼ਰ ਸਨ। ਸਾਲ 2016-17 ਲਈ ਬਰੈਂਪਟਨ ਨੂੰ ਹਾਸਲ ਹੋਏ 10 ਮਿਲੀਅਨ ਡਾਲਰ ਤੋਂ ਇਹ ਫੰਡ ਵੱਖਰੇ ਹੋਣਗੇ।
ਬਰੈਂਪਟਨ ਉਨ੍ਹਾਂ 105 ਮਿਉਂਸਪਲ ਟਰਾਂਜਿਟ ਸਿਸਟਮਾਂ ‘ਚੋਂ ਇੱਕ ਹੈ ਜਿਹੜੇ 142 ਕਮਿਊਨਿਟੀਜ ਦੀ ਸੇਵਾ ਕਰਦੇ ਹੈ ਅਤੇ ਅਜਿਹੀਆਂ ਮਿਉਂਸਪੈਲਿਟੀਜ ਦੀ ਓਨਟਾਰੀਓ ਸਰਕਾਰ ਵੱਲੋਂ ਗੈਸ ਟੈਕਸ ਫੰਡ ਰਾਹੀਂ ਪ੍ਰੋਵਿੰਸ ਭਰ ‘ਚ ਮਦਦ ਕੀਤੀ ਜਾਂਦੀ ਹੈ। ਇਸ ਸਾਲ ਓਨਟਾਰੀਓ ਵਿੱਚ 357 ਮਿਲੀਅਨ ਡਾਲਰ ਇਸ ਫੰਡਿੰਗ ਦੇ ਰੂਪ ਵਿੱਚ ਦਿੱਤਾ ਜਾ ਚੁੱਕਿਆ ਹੈ। 2021 ਤੇ 2022 ਤੱਕ ਇਸ ਦੇ ਵੱਧ ਕੇ 642 ਮਿਲੀਅਨ ਡਾਲਰ ਹੋਣ ਦੀ ਸੰਭਾਵਨਾ ਹੈ।
ਜੈਫਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬਰੈਂਪਟਨ ਟਰਾਂਜਿਟ ਦਾ ਤੇਜ਼ੀ ਨਾਲ ਪਸਾਰ ਹੋ ਰਿਹਾ ਹੈ। ਇਸ ਲਈ ਮੰਗ ਨੂੰ ਵੇਖਦਿਆਂ ਹੋਇਆਂ ਟਰਾਂਜਿਟ ਸਿਸਟਮ ‘ਚ ਇਹ ਨਿਵੇਸ਼ ਕੀਤਾ ਜਾਣਾ ਅੱਜ ਦੀ ਲੋੜ ਬਣ ਗਈ ਹੈ। ਇਸ ਤੋਂ ਇਲਾਵਾ ਬਰੈਂਪਟਨ ਦੀ ਤੇਜੀ ਨਾਲ ਵੱਧ ਰਹੀ ਅਬਾਦੀ ਕਾਰਨ ਵੀ ਇਹ ਫੈਸਲਾ ਕੀਤਾ ਗਿਆ ਹੈ।