ਦੁਬਈ, 
ਦੱਖਣੀ ਅਫਰੀਕਾ ਨੇ ਦੂਜੇ ਇਕ ਰੋਜ਼ਾ ਮੈਚ ਵਿੱਚ ਬੰਗਲਾਦੇਸ਼ ’ਤੇ ਜਿੱਤ ਦਰਜ ਕਰਕੇ ਆਈਸੀਸੀ ਇਕ ਰੋਜ਼ਾ ਰੈਂਕਿੰਗਜ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤਰ੍ਹਾਂ ਭਾਰਤ ਨੇ ਆਪਣਾ ਸਿਖ਼ਰਲਾ ਸਥਾਨ ਗੁਆ ਦਿੱਤਾ।
ਆਈਸੀਸੀ ਦੀ ਅਪਡੇਟ ਹੋਈ ਇਕ ਰੋਜ਼ਾ ਰੈਂਕਿੰਗਜ਼ ਅਨੁਸਾਰ ਦੱਖਣੀ ਅਫਰੀਕਾ ਨੇ ਪਾਰਲ ਵਿੱਚ ਦੂਜੇ ਇਕ ਰੋਜ਼ਾ ਮੈਚ ਵਿੱਚ ਬੰਗਲਾਦੇਸ਼ ’ਤੇ 104 ਦੋੜਾਂ ਦੀ ਜਿੱਤ ਨਾਲ ਭਾਰਤ ਨੂੰ ਹਟਾ ਕੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ। ਭਾਰਤ ਤੇ ਦੱਖਣੀ ਅਫਰੀਕਾ ਦੇ ਹਾਲਾਂਕਿ ਇਕ ਬਰਾਬਰ 120 ਅੰਕ ਹਨ ਪਰ ਦਸ਼ਮਲਵ ਦੀ ਗਿਣਤੀ ਦੇ ਅਧਾਰ ’ਤੇ ਭਾਰਤ ਦੂਜੇ ਸਥਾਨ ’ਤੇ ਹੈ।
ਭਾਰਤ ਨੇ ਆਈਸੀਸੀ ਰੈਂਕਿੰਗਜ਼ ਵਿੱਖ ਸਿਖ਼ਰਲਾ ਸਥਾਨ ਹਾਲ ਵਿੱਚ ਹੀ ਆਸਟਰੇਲੀਆ ’ਤੇ ਘਰੇਲੂ ਲੜੀ ਵਿੱਚ 4-1 ਦੀ ਜਿੱਤ ਨਾਲ ਹਾਸਲ ਕੀਤਾ ਸੀ ਪਰ ਭਾਰਤ ਕੋਲ ਫਿਰ ਤੋਂ ਆਪਣੀ ਬਾਦਸ਼ਾਹਤ ਹਾਸਲ ਕਰਨ ਦਾ ਮੌਕਾ ਹੋਵੇਗਾ ਕਿਉਂਕਿ ਉਹ 22 ਅਕਤੂਬਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਸੇ ਦੌਰਾਨ ਭਾਰਤ ਕਪਤਾਨ ਵਿਰਾਟ ਕੋਹਲੀ ਇਕ ਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗਜ਼ ਵਿੱਚ ਇਕ ਸਥਾਨ ਖਿਸਕ ਕੇ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ ਅਤੇ ਦੱਖਣੀ ਅਫਰੀਕਾ ਦੇ ਏਬੀ ਡੀਵਿਲੀਅਰਜ਼ ਦੇ ਪਿੱਛੇ ਹਨ। ਸਿਖ਼ਰਲੀ 10 ਰੈਂਕਿੰਗਜ਼ ਵਿੱਚ ਕਾਬਜ਼ ਹੋਰ ਭਾਰਤੀ ਰੋਹਿਤ ਸ਼ਰਮਾ ਹੈ ਜੋ ਦੋ ਸਥਾਨਾਂ ਦੇ ਨੁਕਸਾਨ ਨਾਲ ਸੱਤਵੇਂ ਸਥਾਨ ’ਤੇ ਖਿਸਕ ਗਿਆ ਹੈ।
ਗੇਂਦਬਾਜ਼ਾਂ ਦੀ ਸੂਚੀ ਵਿੱਚ ਜਸਪ੍ਰੀਤ ਬੁਮਰਾਹ ਅਤੇ ਅਕਸ਼ਰ ਪਟੇਲ ਸਿਖ਼ਰਲੇ 10 ਵਿੱਚ ਸ਼ਾਮਲ ਦੋ ਭਾਰਤੀ ਹਨ। ਬੁਮਰਾਹ ਤੇ ਪਟੇਲ ਇਕ ਸਥਾਨ ਖਿਸਕ ਕੇ ਕ੍ਰਮਵਾਰ ਛੇਵੇਂ ਤੇ ਅੱਠਵੇਂ ਸਥਾਨ ’ਤੇ ਪਹੁੰਚ ਗਏ ਹਨ। ਇਕ ਰੋਜ਼ਾ ਗੇਂਦਬਾਜ਼ਾਂ ਦੀ ਸੂਚੀ ਵਿੱਚ ਪਾਕਿਸਤਾਨ ਦਾ ਹਸਨ ਅਲੀ ਸਿਖ਼ਰ ’ਤੇ ਹੈ ਜੋ ਛੇ ਸਥਾਨਾਂ ਦੀ ਛਾਲ ਨਾਲ ਇਸ ਸਾਲ ਇਕ ਰੋਜ਼ਾ ਰੈਂਕਿੰਗਜ਼ ਵਿੱਚ ਨੰਬਰ ਇਕ ’ਤੇ ਪਹੁੰਚਣ ਵਾਲਾ ਪੰਜਵਾਂ ਗੇਂਦਬਾਜ਼ ਹੈ। ਅਲੀ ਨੇ ਸ੍ਰੀਲੰਕਾ ਖ਼ਿਲਾਫ਼ ਚੱਲ ਰਹੀ ਪੰਜ ਮੈਚਾਂ ਦੀ ਇਕ ਰੋਜ਼ਾ ਲੜੀ ਵਿੱਚ ਹੁਣ ਵੀ ਨੌਂ ਵਿਕਟਾਂ ਝਟਕ ਦਿੱਤੀਆਂ ਹਨ।