ਸ੍ਰੀ ਆਨੰਦਪੁਰ ਸਾਹਿਬ, 13 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੀ ਪਲੇਠੀ ਬੈਠਕ ਵਿੱਚ ਦੋ ਸਕੱਤਰਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ ਅਤੇ ਪਿਛਲੇ ਸਾਲ ਦੌਰਾਨ ਹੋਈਆਂ 500 ਤੋਂ ਵੱਧ ਨਿਯੁਕਤੀਆਂ ਤੇ ਤਰੱਕੀਆਂ ਦੀ ਜਾਂਚ ਲਈ ਸਬ ਕਮੇਟੀ ਕਾਇਮ ਕਰਕੇ 15 ਦਿਨਾਂ ਦੇ ਅੰਦਰ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੀ ਪੁਸ਼ਟੀ ਕਰਦਿਆਂ ਭਾਈ ਲੌਂਗੋਵਾਲ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਨਿਯਮਾਂ ਦੀ ਅਣਦੇਖੀ ਕਰਕੇ ਦੋ ਵਧੀਕ ਸਕੱਤਰਾਂ ਦੀ ਬਤੌਰ ਸਕੱਤਰ ਕੀਤੀ ਗਈ ਨਿਯੁਕਤੀ ਨੂੰ ਜਿੱਥੇ ਰੱਦ ਕੀਤਾ ਗਿਆ ਹੈ, ਉੱਥੇ ਪਿਛਲੇ ਸਾਲ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਹੋਈਆਂ ਸਾਰੀਆਂ ਭਰਤੀਆਂ ਤੇ ਨਿਯੁਕਤੀਆਂ ਦੀ ਜਾਂਚ ਕਰਨ ਲਈ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਜੱਲਾ, ਅੰਤ੍ਰਿੰਗ ਕਮੇਟੀ ਮੈਂਬਰ ਸੱਜਣ ਸਿੰਘ ਬੱਜੂਮਾਨ ਸਣੇ ਇੱਕ ਸਕੱਤਰ ਪੱਧਰ ’ਤੇ ਆਧਾਰਿਤ ਚਾਰ ਮੈਂਬਰੀ ਕਮੇਟੀ ਬਣਾ ਕੇ ਰਿਪੋਰਟ ਮੰਗੀ ਹੈ। ਇਹ ਵੀ ਫ਼ੈਸਲਾ ਲਿਆ ਹੈ ਕਿ ਫਿਲਹਾਲ ਨਾ ਹੀ ਕੋਈ ਨਵਾਂ ਸਕੂਲ ਖੁੱਲ੍ਹੇਗਾ ਤੇ ਨਾ ਹੀ ਕਾਲਜ, ਬਲਕਿ ਪਹਿਲਾਂ ਤੋਂ ਚੱਲਦੀਆਂ ਸੰਸਥਾਵਾਂ ਦੇ ਪ੍ਰਬੰਧਾਂ ਨੂੰ ਸੁਚਾਰੂ ਕੀਤਾ ਜਾਵੇਗਾ।