Close
Menu

ਹਾਫਿਜ਼ ਸਈਦ ਵਿਰੁੱਧ ਕਾਰਵਾਈ ਕਰਨ ‘ਤੇ ਪਾਕਿ ਚੁੱਪ

ਇਸਲਾਮਾਬਾਦ — ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਜਦਕਿ ਹੁਣ ਉਸ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਵਿਰੁੱਧ ਕਾਰਵਾਈ ਕੀਤੇ ਜਾਣ ‘ਤੇ ਚੁੱਪੀ ਧਾਰ ਲਈ ਹੈ। ਵਿਦੇਸ਼ ਦਫਤਰ ਦੇ ਬੁਲਾਰਾ ਮੁਹੰਮਦ ਫੈਜ਼ਲ ਨੇ ਆਪਣੀ ਹਫਤਾਵਰੀ ਬ੍ਰੀਫਿੰਗ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਕਿਸਤਾਨ ਸਈਦ ਸਮੇਤ ਸੂਚੀਬੱਧ ਵਿਅਕਤੀਆਂ ਅਤੇ ਸਮੂਹਾਂ ਵਿਰੁੱਧ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਲਾਗੂ ਕਰਨ ਲਈ ਗੰਭੀਰ ਹੈ। ਉਨ੍ਹਾਂ ਨੇ ਕਿਹਾ,”ਜਿੱਥੇ ਤੱਕ ਹਾਫਿਜ਼ ਸਈਦ ਦਾ ਸੰਬੰਧ ਹੈ ਪਾਕਿਸਤਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਸੂਚੀਬੱਧ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਸੰਪੱਤੀਆਂ ਨੂੰ ਫਰੀਜ਼ ਕਰਨ, ਹਥਿਆਰਾਂ ‘ਤੇ ਪਾਬੰਦੀ ਅਤੇ ਯਾਤਰਾ ‘ਤੇ ਰੋਕ ਸੰਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀਆਂ ਪਾਬੰਦੀਆਂ ਨੂੰ ਲਾਗੂ ਕਰ ਰਹੇ ਹਾਂ।” ਪਾਕਿਸਤਾਨ ਨੇ ਪਾਬੰਦੀਸ਼ੁਦਾ ਲਸ਼ਕਰ-ਏ-ਤੈਅਬਾ ਦੇ ਸੰਗਠਨ ਜਮਾਤ-ਉਦ-ਦਾਅਵਾ ਦੇ ਚੰਦਾ ਇੱਕਠਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਸਮੇਤ ਭਾਰਤ ਨਾਲ ਸਾਰੇ ਮਹੱਤਵਪੂਰਣ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਤਿਆਰ ਹੈ ਪਰ ਇਸ ਵਿਚ ਕੁਝ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਭਾਰਤ ਗੱਲਬਾਤ ਲਈ ਤਿਆਰ ਨਹੀਂ ਹੈ।

Comments