Close
Menu

ਸ੍ਰੀਨਗਰ ’ਚ 32 ਘੰਟੇ ਚੱਲਿਆ ਮੁਕਾਬਲਾ

ਸ੍ਰੀਨਗਰ, 14 ਫਰਵਰੀ
ਸੀਆਰਪੀਐਫ ਕੈਂਪ ’ਤੇ ਹਮਲੇ ’ਚ ਨਾਕਾਮ ਰਹਿਣ ਮਗਰੋਂ ਇਕ ਇਮਾਰਤ ’ਚ ਛੁਪੇ ਬੈਠੇ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦਾਂ ਨੂੰ ਅੱਜ ਸੁਰੱਖਿਆ ਬਲਾਂ ਨੇ 32 ਘੰਟਿਆਂ ਮਗਰੋਂ ਮਾਰ ਮੁਕਾਇਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੂੰ ਕਰਨ ਨਗਰ ’ਚ ਉਸਾਰੀ ਅਧੀਨ ਇਮਾਰਤ ’ਚੋਂ ਕੱਢਣ ਲਈ ਜੰਮੂ ਕਸ਼ਮੀਰ ਪੁਲੀਸ ਅਤੇ ਸੀਆਰਪੀਐਫ ਦੇ ਸਪੈਸ਼ਲ ਆਪਰੇਸ਼ਨਜ਼ ਗਰੁੱਪ (ਐਸਓਜੀ) ਨੇ ਮੁਹਿੰਮ ਚਲਾਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਆਪਰੇਸ਼ਨ ’ਚ ਫ਼ੌਜ ਸ਼ਾਮਲ ਨਹੀਂ ਸੀ। ਸੀਆਰਪੀਐਫ ਦੇ ਆਈਜੀ ਰਵੀਦੀਪ ਸਾਹੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਏਕੇ-47 ਰਾਈਫਲਾਂ ਅਤੇ 8 ਮੈਗਜ਼ੀਨਾਂ ਸਮੇਤ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਜੰਮੂ ਦੇ ਸੁੰਜਵਾਂ ਫ਼ੌਜੀ ਕੈਂਪ ’ਤੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਦੇ ਦੋ ਦਿਨਾਂ ਬਾਅਦ ਸੋਮਵਾਰ ਸਵੇਰੇ ਇਹ ਮੁਕਾਬਲਾ ਸ਼ੁਰੂ ਹੋਇਆ ਸੀ। ਫ਼ੌਜ ਦੇ ਸੁੰਜਵਾਂ ਕੈਂਪ ’ਚ ਛੇ ਜਵਾਨਾਂ ਸਮੇਤ ਸੱਤ ਵਿਅਕਤੀ ਹਲਾਕ ਹੋਏ ਸਨ ਜਦਕਿ ਜਵਾਬੀ ਕਾਰਵਾਈ ’ਚ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਪੁਲੀਸ ਦੇ ਆਈਜੀ ਐਸ ਪੀ ਪਾਨੀ ਨੇ ਸੀਆਰਪੀਐਫ ਅਧਿਕਾਰੀਆਂ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ,‘‘ਮੁਕਾਬਲੇ ਵਾਲੀ ਥਾਂ ਤੋਂ ਮਿਲੀ ਸਮੱਗਰੀ ਤੋਂ ਪਤਾ ਚਲਦਾ ਹੈ ਕਿ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ। ਦਹਿਸ਼ਤਗਰਦਾਂ  ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।’’ ਸ੍ਰੀ ਪਾਨੀ ਨੇ ਕਿਹਾ ਕਿ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੁਕਾਬਲੇ ’ਚ ਸਮਾਂ ਵਧ ਲਗਣ ਬਾਰੇ ਉਨ੍ਹਾਂ ਕਿਹਾ ਕਿ ਜਿਸ ਇਮਾਰਤ ’ਚ ਦਹਿਸ਼ਤਗਰਦ ਛੁਪੇ ਹੋਏ ਸਨ, ਉਹ ਪੰਜ ਮੰਜ਼ਿਲਾ ਸੀ। ਚੌਕਸ ਸੰਤਰੀ ਵੱਲੋਂ ਦਹਿਸ਼ਤਗਰਦਾਂ ਉਪਰ ਗੋਲੀਆਂ ਚਲਾਏ ਜਾਣ ਮਗਰੋਂ ਉਨ੍ਹਾਂ ਦੀ ਸੀਆਰਪੀਐਫ ਕੈਂਪ ’ਤੇ ਹਮਲਾ ਕਰਨ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ ਅਤੇ ਉਨ੍ਹਾਂ ਉਸਾਰੀ ਅਧੀਨ ਢਾਂਚੇ ’ਚ ਪਨਾਹ ਲੈ ਲਈ ਸੀ। ਮੁਕਾਬਲੇ ਦੌਰਾਨ ਸੀਆਰਪੀਐਫ ਦਾ ਇਕ ਜਵਾਨ ਹਲਾਕ ਅਤੇ ਇਕ ਪੁਲੀਸ ਕਰਮੀ ਜ਼ਖ਼ਮੀ ਹੋ ਗਿਆ ਸੀ। ਕੱਲ ਰਾਤ ਚੁੱਪ ਛਾਈ ਰਹਿਣ ਮਗਰੋਂ ਸੁਰੱਖਿਆ ਬਲਾਂ ਨੇ ਇਲਾਕੇ ਦੀ ਪੂਰੀ ਛਾਣ-ਬੀਣ ਕਰਕੇ ਆਪਰੇਸ਼ਨ ਤੋਂ ਪਹਿਲਾਂ ਨਵੀਂ ਰਣਨੀਤੀ ਬਣਾਈ। ਸੀਆਰਪੀਐਫ ਦੇ ਆਈਜੀ ਮੁਤਾਬਕ ਸੀਆਰਪੀਐਫ ਕਰਮੀਆਂ ਦੇ ਪੰਜ ਪਰਿਵਾਰਾਂ ਅਤੇ ਕੁਝ ਆਮ ਨਾਗਰਿਕਾਂ ਨੂੰ ਮੌਕੇ ਤੋਂ ਬਚਾਇਆ ਗਿਆ ਅਤੇ ਜਦੋਂ ਇਲਾਕਾ ਸੁਰੱਖਿਅਤ ਹੋ ਗਿਆ ਤਾਂ ਆਪਰੇਸ਼ਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਬਹਾਦਰ ਸੰਤਰੀ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਸਮਾਂ ਆਉਣ ’ਤੇ ਉਸ ਨੂੰ ਇਨਾਮ ਦਿੱਤਾ ਜਾਵੇਗਾ।

Comments