Close
Menu

ਸਿੱਖ ਕਤਲੇਆਮ: ਸਰੀ ਵਿੱਚ ਰੋਸ ਰੈਲੀ

ਸਰੀ, 14 ਫਰਵਰੀ
ਇੱਥੇ ਹਾਲੈਂਡ ਪਾਰਕ ਵਿੱਚ ਇਕੱਠੇ ਹੋਏ ਦੱਖਣੀ ਏਸ਼ਿਆਈ ਮੁਲਕਾਂ ਦੇ ਕਾਰਕੁਨਾਂ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਕਾਂਗਰਸੀ ਆਗੂਆਂ ਜਗਦੀਸ਼ ਟਾਈਟਲਰ ਅਤੇ ਹੋਰਾਂ ਦੀ ਸਾਹਮਣੇ ਆਈ ਕਥਿਤ ਸ਼ਮੂਲੀਅਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇੰਡੀਅਨਜ਼ ਅਬਰੌਡ ਫਾਰ ਪਲੂਰਿਸਟ ਇੰਡੀਆ (ਆਈਏਪੀਆਈ) ਵੱਲੋਂ ਇਹ ਰੈਲੀ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਕੀਤੇ ਗਏ ਤਾਜ਼ਾ ਖੁਲਾਸਿਆਂ ਦੇ ਵਿਰੋਧ ਵਿੱਚ ਕੱਢੀ ਗਈ। ਦੱਸਣਯੋਗ ਹੈ ਕਿ ਟਾਈਟਲਰ ਨੇ ਮੰਨਿਆ ਹੈ ਕਿ ਉਸਨੇ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹਿੰਸਾ ਦੌਰਾਨ ਇੱਕੋ ਕਾਰ ਵਿੱਚ ਬੈਠ ਕੇ ਹਾਲਾਤ ਦਾ ਜਾਇਜ਼ਾ ਲਿਆ ਸੀ। ਇਸ ਦੇ ਨਾਲ ਹੀ ਟਾਈਟਲਰ ਦੀ ਇੱਕ ਵੀਡੀਓ ਜਾਰੀ ਹੋਈ ਹੈ, ਜਿਸ ਵਿੱਚ ਉਹ 100 ਤੋਂ ਵੱਧ ਸਿੱਖਾਂ ਦੇ ਕਤਲ ਬਾਰੇ ਕਥਿਤ ਤੌਰ ’ਤੇ ਗੱਲਬਾਤ ਕਰ ਰਿਹਾ ਹੈ।
ਰੈਲੀ ਦੌਰਾਨ ਬੁਲਾਰਿਆਂ ਨੇ ਰਾਜੀਵ ਗਾਂਧੀ ਤੋਂ ‘ਭਾਰਤ ਰਤਨ’ ਵਾਪਸ ਲਏ ਜਾਣ ਅਤੇ ਜਗਦੀਸ਼ ਟਾਈਟਲਰ ਦੀ ਕਤਲੇਆਮ ਵਿੱਚ ਸਿੱਧੀ ਸ਼ਮੂਲੀਅਤ ਹੋਣ ਕਾਰਨ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਬੁਲਾਰਿਆਂ ਨੇ ਇਹ ਵੀ ਦੋਸ਼ ਲਾਇਆ ਕਿ ਆਗਾਮੀ ਆਮ ਚੋਣਾਂ ਦੇ ਮੱਦੇਨਜ਼ਰ ਅਜਿਹੇ ਬਣੇ ਹਾਲਾਤ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਕੇਵਲ ਲਾਹਾ ਚੁੱਕ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਤੋਂ ਲਾਂਭੇ ਕੀਤਾ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ 2002 ਵਿੱਚ ਜਦੋਂ ਗੁਜਰਾਤ ਵਿੱਚ ਨਰਿੰਦਰ ਮੋਦੀ ਮੁੱਖ ਮੰਤਰੀ ਸਨ ਤਾਂ ਭਾਜਪਾ ਨੇ 1984 ਦਾ ਕਤਲੇਆਮ ਮੁਸਲਮਾਨਾਂ ਵਿਰੁੱਧ ਦੁਹਰਾਇਆ ਸੀ।
ਬੁਲਾਰਿਆਂ ਵਿੱਚ ਸਿੱਖ ਨੇਸ਼ਨ ਦੇ ਆਗੂ ਬਰਜਿੰਦਰ ਸਿੰਘ, ਸੁਖਦੀਪ ਸਿੰਘ, ਸਿੱਖ ਕਾਰਕੁਨ ਕੇਸਰ ਸਿੰਘ ਬਾਗੀ, ਸਾਊਥ ਏਸ਼ੀਅਨ ਰੀਵਿਊ ਵੱਲੋਂ ਭੁਪਿੰਦਰ ਮੱਲ੍ਹੀ ,ਮੁਸਲਿਮ ਕਾਰਕੁਨ ਸਈਦ ਵਜਾਹਤ, ਕਵੀ ਤੇ ਦਲਿਤ ਕਾਰਕੁਨ ਅੰਮ੍ਰਿਤ ਦੀਵਾਨਾ, ਮਾਰਕਸਵਾਦੀ ਕਾਰਕੁਨ ਹਰਦੇਵ ਸਿੰਘ, ਕਮਿਊਨਿਸਟ ਪਾਰਟੀ ਆਫ ਕੈਨੇਡਾ (ਮਾਰਕਸਿਸਟ ਲੈਨਿਨਿਸਟ) ਦੇ ਕਾਰਕੁਨ ਜੌਸਫ਼ ਥਰੌਲਟ, ਆਮ ਆਦਮੀ ਪਾਰਟੀ ਦੇ ਸਮਰਥਕ ਗੁਰਮੁਖ ਸਿੰਘ ਦਿਓਲ, ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਆਈਏਪੀਆਈ ਦੇ ਸਹਿ-ਬਾਨੀ ਗੁਰਪ੍ਰੀਤ ਸਿੰਘ ਸ਼ਾਮਲ ਸਨ। ਰੈਲੀ ਸ਼ਰੂ ਕਰਨ ਤੋਂ ਪਹਿਲਾਂ ਪਾਕਿਸਤਾਨ ਦੀ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਅਸਮਾ ਜਹਾਂਗੀਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।

Comments