Close
Menu

ਸਾਹਿਬ-ਏ-ਕਮਾਲ: ਗੁਰੂ ਗੋਬਿੰਦ ਸਿੰਘ ਜੀ

ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਨੂਰਾਨੀ,  ਅਗੰਮੀ, ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਨਿਰਾਲੀ ਹੈ। ਗੁਰੂ ਜੀ ਸਬਰ, ਸਹਿਜ, ਸਿਦਕ, ਦ੍ਰਿੜ੍ਹਤਾ, ਸਾਹਸ ਅਤੇ ਚੜ੍ਹਦੀ ਕਲਾ ਦੇ ਮੁਜੱਸਮੇ ਸਨ। ਉਨ੍ਹਾਂ ਦਾ ਪ੍ਰਕਾਸ਼ ਪਟਨਾ ਸਾਹਿਬ, ਬਿਹਾਰ, (ਮੌਜੂਦਾ ਤਖ਼ਤ ਸ੍ਰੀ ਪਟਨਾ ਸਾਹਿਬ) ਵਿੱਚ ਸੰਮਤ 1723 (1666 ਈ.) ਨੂੰ ਪਿਤਾ ਗੁਰੂ ਤੇਗ਼ ਬਹਾਦਰ ਅਤੇ ਮਾਤਾ ਗੁਜਰੀ ਦੇ ਗ੍ਰਹਿ ਵਿੱਚ ਹੋਇਆ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਅਤੇ ਸਮੁੱਚੀ ਲੋਕਾਈ ਨੂੰ ਅਕਾਲ ਪੁਰਖ ਨਾਲ ਜੁੜਨ ਅਤੇ ਪਰਮਾਤਮਾ ਨੂੰ ਆਪਣਾ ਓਟ-ਆਸਰਾ ਸਮਝਣ ਲਈ ਪ੍ਰੇਰਿਆ ਅਤੇ ਤਾੜਨਾ ਕੀਤੀ:
ਜੋ ਹਮ ਕੋ ਪਰਮੇਸਰ ਉਚਰਿਹੈਂ॥
ਤੇ ਸਭ ਨਰਕ ਕੁੰਡ ਮਹਿ ਪਰਿਹੈਂ॥
ਮੋ ਕੌ ਦਾਸ ਤਵਨ ਕਾ ਜਾਨੋ॥
ਯਾ ਮੈ ਭੇਦ ਨ ਰੰਚ ਪਛਾਨੋ॥     (ਬਚਿਤ੍ਰ ਨਾਟਕ)
ਦਸਮ ਪਿਤਾ ਦਾ ਸੰਸਾਰਕ ਜੀਵਨ ਹਰ ਪੱਖੋਂ ਅਚੰਭਿਤ ਕਰਨ ਵਾਲਾ ਹੈ। ਉਨ੍ਹਾਂ ਨੇ ਨੌਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਦੂਜੇ ਧਰਮ, ਜਿਨ੍ਹਾਂ ਨਾਲ ਸਿਧਾਂਤਕ ਮੱਤਭੇਦ ਸੀ, ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਲਈ ਭੇਜਿਆ। ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਪਿੱਛੋਂ 1675 ਵਿੱਚ 9 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਦੇ ਰੂਪ ਵਿੱਚ ਗੁਰਿਆਈ ਪ੍ਰਾਪਤ ਹੋਈ। 42 ਸਾਲ ਦੀ ਉਮਰ ਤਕ ਉਨ੍ਹਾਂ ਨੇ ਗੁਰੂ ਨਾਨਕ ਦੇਵ ਦੇ ਅਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ, ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਨਾਲ ਸਿਖ਼ਰ ’ਤੇ ਪਹੁੰਚਾਇਆ।
ਗੁਰੂ ਗੋਬਿੰਦ ਸਿੰਘ ਮਹਾਨ ਜਰਨੈਲ, ਉੱਚ ਕੋਟੀ ਦੇ ਵਿਦਵਾਨ, ਅਜ਼ੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ, ਭਗਤੀ ਅਤੇ ਸ਼ਕਤੀ ਦੇ ਮੁਜੱਸਮੇ ਅਤੇ ਮਰਦ-ਏ-ਮੈਦਾਨ ਸਨ। ਉਹ ਸ਼ਸਤਰ ਅਤੇ ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਾਹਿਬ-ਏ-ਕਮਾਲ, ਮਰਦ ਅਗੰਮੜੇ, ਦੁਸ਼ਟ ਦਮਨ, ਅੰਮ੍ਰਿਤ ਕੇ ਦਾਤੇ ਸਨ। ਗੁਰਮਤਿ, ਮਨੁੱਖ ਨੂੰ ਆਤਮਿਕ ਅਤੇ ਸਰੀਰਕ ਦੋਹਾਂ ਰੂਪਾਂ ਵਿੱਚ ਬਲਵਾਨ ਬਣਾਉਣ ਦਾ ਸਿਧਾਂਤ ਹੈ। ਗੁਰੂ ਜੀ ਦੇ ਦਰਬਾਰ ਵਿੱਚ 52 ਕਵੀ ਸਨ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ।  ਗੁਰੂ ਜੀ ਨੇ ਖ਼ੁਦ ਜਾਪੁ ਸਾਹਿਬ, ਅਕਾਲ ਉਸਤਤ, 33 ਸਵੈਯੇ, ਖ਼ਾਲਸਾ ਮਹਿਮਾ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ (ਵੱਡਾ), ਚੰਡੀ ਚਰਿਤ੍ਰ (ਛੋਟਾ), ਚੰਡੀ ਦੀ ਵਾਰ, ਚੋਬੀਸ ਅਵਤਾਰ, ਬਚਿਤ੍ਰ ਨਾਟਕ, ਚਰਿਤ੍ਰੋ ਪਾਖਯਾਨ, ਜ਼ਫ਼ਰਨਾਮਾ, ਹਕਾਯਤਾਂ, ਸ਼ਬਦ ਹਜਾਰੇ ਪਾ. 10ਵੀਂ, ਪਵਿੱਤਰ ਬਾਣੀਆਂ ਦੀ ਰਚਨਾ ਕੀਤੀ ਸੀ। ਉਨ੍ਹਾਂ ਨੇ ਸਿੱਖ ਧਰਮ ਦੀ ਪੰਜ ਕਕਾਰੀ ਰਹਿਤ ਮਰਿਆਦਾ ਤੇ ਸਿੱਖੀ ਸਰੂਪ ਨਿਸ਼ਚਿਤ ਕਰ ਕੇ ਸਿੱਖ ਧਰਮ ਦੀ ਸਮਾਜ ਵਿੱਚ ‘ਤੀਸਰ ਮਜ਼ਹਬ ਸਾਜ ਕੇ’ ਵੱਖਰੀ ਤੇ ਨਿਆਰੀ ਪਛਾਣ ਕਾਇਮ ਕੀਤੀ। ਉਨ੍ਹਾਂ ਨੇ ਖ਼ਾਲਸਾ ਪੰਥ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਦਿੱਤਾ ਸੀ ਕਿ ਉਸ ਨੂੰ ਕਿਸੇ ਹੋਰ ਦੇਹਧਾਰੀ ਮਨੁੱਖ ਰੂਪ ਵਿੱਚ ਗੁਰੂ ਦੀ ਲੋੜ ਨਹੀਂ ਸੀ। ਉਨ੍ਹਾਂ ਨੇ 1699 ਵਿੱਚ ਖ਼ਾਲਸੇ ਦੀ ਸਿਰਜਣਾ ਕਰਦਿਆਂ ਸੁਤੰਤਰ ਤੇ ਸੰਪੂਰਨ ਮਨੁੱਖ ਦਾ ਆਦਰਸ਼ ਸਾਹਮਣੇ ਰੱਖਿਆ। ਉਨ੍ਹਾਂ ਨੇ ਤਲਵੰਡੀ ਸਾਬੋ ਵਿੱਚ ਆਪਣੇ ਪਿਤਾ ਦੀ ਬਾਣੀ ‘ਗੁਰੂ ਗ੍ਰੰਥ ਸਾਹਿਬ’ ਵਿੱਚ ਸ਼ਾਮਲ ਕਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਇਸੇ ਸੰਪੂਰਨ ‘ਆਦਿ (ਸ੍ਰੀ ਗੁਰੂ) ਗ੍ਰੰਥ ਸਾਹਿਬ’ ਨੂੰ ਦੱਖਣ ਵਿੱਚ ਨਾਂਦੇੜ ਦੀ ਧਰਤੀ ਉੱਤੇ ਗੁਰੂ ਦੀ ਪਦਵੀ ਕੱਤਕ ਸੁਦੀ ਦੂਜੀ ਸੰਮਤ 1765 ਨੂੰ ਦਿੱਤੀ ਗਈ, ਜਿੱਥੇ ਅੱਜ-ਕੱਲ੍ਹ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੁਸ਼ੋਭਿਤ ਹੈ। ਨਾਂਦੇੜ ਦੀ ਧਰਤੀ ਉੱਤੇ ਗੁਰੂ ਜੀ ਨੇ ਸਿੱਖਾਂ ਦਾ ਗੁਰੂ ਸਦਾ ਵਾਸਤੇ ‘ਗੁਰੂ ਗ੍ਰੰਥ ਸਾਹਿਬ’ ਨੂੰ ਸ਼ਬਦ ਰੂਪ ਵਿੱਚ ਥਾਪ ਦਿੱਤਾ।
ਗੁਰੂ ਸਾਹਿਬ ਦਾ ਕਿਸੇ ਦੇਸ਼, ਇਲਾਕੇ, ਧਰਮ, ਜਾਤ, ਨਸਲ ਅਤੇ ਕੌਮ ਨਾਲ ਕੋਈ ਵਿਰੋਧ ਨਹੀਂ ਸੀ। ਉਨ੍ਹਾਂ ਦਾ ‘ਧਰਮ ਯੁੱਧ’ ਤਾਂ ਸਰਬ ਧਰਮ ਦੀ ਰੱਖਿਆ, ਪਰਉਪਕਾਰ, ਗ਼ਰੀਬਾਂ, ਅਨਾਥਾਂ, ਕਿਰਤੀਆਂ ਅਤੇ ਇਸਤਰੀ ਆਦਿ ਦੇ ਉਥਾਨ, ਸਨਮਾਨ, ਮਨੁੱਖੀ ਬਰਾਬਰੀ ਅਤੇ ਉੱਚੀਆਂ ਮਾਨਵੀ ਕਦਰਾਂ-ਕੀਮਤਾਂ ਲਈ ਸੀ ਪਰ ਜਾਬਰ, ਜ਼ੁਲਮ, ਦੁਰਾਚਾਰ ਤੇ ਜ਼ਾਲਮ ਦੇ ਵਿਰੁੱਧ ਸੀ। ਇਹੋ ਕਾਰਨ ਹੈ ਕਿ ਸਮੇਂ ਦੇ ਮੁਸਲਮਾਨ ਪੀਰਾਂ, ਫ਼ਕੀਰਾਂ, ਚੌਧਰੀਆਂ ਨੇ ਹਮੇਸ਼ਾ ਸਤਿਗੁਰਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੀ ‘ਸਤਿ ਦੀ ਸ਼ਕਤੀ’ ਨੂੰ ਪਹਿਚਾਨਿਆ ਅਤੇ ਪ੍ਰਣਾਮ ਕੀਤਾ।
ਦੁਨੀਆਂ ਦੇ ਪ੍ਰਸਿੱਧ ਵਿਦਵਾਨਾਂ ਨੇ ਗੁਰੂ ਸਾਹਿਬ ਬਾਰੇ ਆਪਣੀ ਰਾਇ ਪ੍ਰਗਟ ਕੀਤੀ ਹੈ। ਗੋਕਲ ਚੰਦ ਨਾਰੰਗ ਲਿਖਦਾ ਹੈ, ‘‘ਗੁਰੂ ਜੀ ਨੇ ਚਿੜੀਆਂ ਨੂੰ ਸ਼ਾਹੀ ਬਾਜ਼ਾਂ ਦਾ ਸ਼ਿਕਾਰ ਕਰਨ ਦੀ ਜਾਚ ਸਿਖਾਈ।’’ ਮੈਕਾਲਿਫ਼ ਲਿਖਦਾ ਹੈ, ‘‘ਆਪ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ।’’ ਗੁਰੂ ਜੀ ਨੂੰ ਆਪਣੇ ਜੀਵਨ ਕਾਲ ਵਿੱਚ ਲਗਪਗ 14 ਜੰਗਾਂ ਲੜਨੀਆਂ ਪਈਆਂ। ਉਨ੍ਹਾਂ ਪਹਿਲੀ ਜੰਗ ਭੰਗਾਣੀ ਦੀ ਅਤੇ ਅਖ਼ੀਰਲੀ ਖਿਦਰਾਣੇ ਦੀ ਢਾਬ (ਮੁਕਤਸਰ ਸਾਹਿਬ ਦੇ ਸਥਾਨ) ’ਤੇ ਲੜੀ। ਚਮਕੌਰ ਦੇ ਅਸਥਾਨ ’ਤੇ ਉਨ੍ਹਾਂ ਦੀ ਜੰਗ ਦੁਨੀਆਂ ਦੇ ਇਤਿਹਾਸ ਵਿੱਚ ਲਾਮਿਸਾਲ ਅਤੇ ਲਾਸਾਨੀ ਸੀ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ-ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸਰਹਿੰਦ ਦੇ ਸੂਬੇ ਵੱਲੋਂ ਗ੍ਰਿਫ਼ਤਾਰ ਕਰ ਕੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਅਤੇ ਮਾਤਾ ਗੁਜਰੀ ਸਰਹੰਦ ਦੇ ਠੰਢੇ ਬੁਰਜ ਵਿੱਚ ਸ਼ਹੀਦੀ ਪਾ ਗਏ। ਸਭ ਕੁਝ ਕੁਰਬਾਨ ਹੋ ਜਾਣ ਦੇ ਬਾਵਜੂਦ ਗੁਰੂ ਸਾਹਿਬ ਅਡੋਲ, ਸਹਿਜ ਅਤੇ ਚੜ੍ਹਦੀ ਕਲਾ ਵਿੱਚ ਰਹੇ। ਗੁਰੂ ਗੋਬਿੰਦ ਸਿੰਘ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫ਼ਤਹਿ ਦਾ ਪੱਤਰ ਲਿਖਿਆ ਜਿਸ ਨੂੰ ‘ਜ਼ਫ਼ਰਨਾਮਾ’ ਜਾਂ ਫ਼ਤਹਿ ਦੀ ਚਿੱਠੀ ਕਿਹਾ ਜਾਂਦਾ ਹੈ। ਇਸ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਧਰਮ ਅਤੇ ਨੈਤਿਕਤਾ ਦਾ ਉਪਦੇਸ਼ ਦਿੱਤਾ।
ਅੰਤ ਕੱਤਕ ਸੁਦੀ ਪੰਚਮੀ, 7 ਕੱਤਕ, ਸੰਮਤ 1765 ਅਨੁਸਾਰ 7 ਅਕਤੂਬਰ, 1708 ਨੂੰ ਅਕਾਲ ਪੁਰਖ ਵੱਲੋਂ ਨਿਸ਼ਚਿਤ ਕੀਤਾ ਫ਼ਰਜ਼ ਨਿਭਾਉਣ ਅਤੇ ਕਾਰਜ ਸੰਪੰਨ ਕਰਨ ਪਿੱਛੋਂ ਗੁਰੂ ਜੀ ਜੋਤੀ ਜੋਤ ਸਮਾ ਗਏ। ਅੱਜ ਵੀ ਸਾਡੇ ਮੁਲਕ ਵਿੱਚ ਨੇਕੀ ਤੇ ਬਦੀ ਦੀ ਲੜਾਈ ਜਾਰੀ ਹੈ। ਬਦੀ ਦੀਆਂ ਤਾਕਤਾਂ ਦੇਸ਼ ਵਿੱਚ ਭਾਰੂ ਹੁੰਦੀਆਂ ਜਾ ਰਹੀਆਂ ਹਨ। ਹਰ ਖੇਤਰ ਵਿੱਚ ਛਲ, ਕਪਟ, ਧੋਖਾ ਤੇ ਭ੍ਰਿਸ਼ਾਟਾਚਾਰ ਫੈਲਿਆ ਹੋਇਆ ਹੈ। ਸੋਨੇ ਦੀ ਚਿੜੀ ਦੇ ਖੰਭ ਬੇਰਹਿਮੀ ਨਾਲ ਨੋਚੇ ਜਾ ਰਹੇ ਹਨ। ਅਜੋਕੇ ਸਮੇਂ ਨੇਕੀ ਦੀਆਂ ਤਾਕਤਾਂ ਬਦੀ ਦੀਆਂ ਤਾਕਤਾਂ ਦੇ ਸਾਹਮਣੇ ਡੋਲ ਰਹੀਆਂ ਹਨ। ਅੱਜ ਲੋੜ ਹੈ ਕਿ ਨੇਕੀ ਦੀਆਂ ਸ਼ਕਤੀਆਂ ਨੂੰ ਇਕਮੁੱਠ, ਇਕਮਤ ਅਤੇ ਸੁਦ੍ਰਿੜ੍ਹ ਕਰ ਕੇ ਬਦੀ ਦੀਆਂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾਵੇ ਅਤੇ ਕੁਰਬਾਨੀ, ਤਿਆਗ, ਸਾਂਝੀਵਾਲਤਾ, ਸਹਿਣਸ਼ੀਲਤਾ, ਨੇਕੀ, ਇਮਾਨਦਾਰੀ, ਨੈਤਿਕਤਾ, ਦੇਸ਼-ਭਗਤੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਉਜਾਗਰ ਕੀਤੀ ਜਾ ਸਕੇ

Comments