Close
Menu

ਸਾਬਕਾ ਪ੍ਰਧਾਨ ਮੰਤਰੀ ਦੀ ਧੀ ਲੜੇਗੀ ਬ੍ਰਾਊਨ ਦੀ ਥਾਂ ਪ੍ਰੋਵਿੰਸ਼ੀਅਲ ਚੋਣਾਂ

ਓਨਟਾਰੀਓ – ਇਹ ਤੈਅ ਹੋ ਚੁੱਕਿਆ ਹੈ ਕਿ ਸਿਆਸੀ ਪਿੜ ‘ਚ ਨਵਾਂ ਚਿਹਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੀ ਧੀ ਕੈਰੋਲੀਨ ਮਲਰੋਨੀ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ‘ਚ ਹਿੱਸਾ ਲਵੇਗੀ। ਇਹ ਜਾਣਕਾਰੀ ਕੈਂਪੇਨ ਦੇ ਸੂਤਰਾਂ ਨੇ ਦਿੱਤੀ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਸਾਬਕਾ ਐੱਮ. ਪੀ. ਪੀ. ਕ੍ਰਿਸਟੀਨ ਐਲੀਅਟ ਵੀ ਇਸ ਦੌੜ ‘ਚ ਸ਼ਾਮਲ ਹੋਵੇਗੀ।
ਪੀ. ਸੀ. ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਵੱਲੋਂ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੇ ਮੱਦੇਨਜ਼ਰ ਅਸਤੀਫਾ ਦਿੱਤੇ ਜਾਣ ਤੋਂ ਬਾਅਦ 7 ਜੂਨ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ‘ਚ ਪ੍ਰੀਮੀਅਰ ਕੈਥਲੀਨ ਵਿੰਨ ਖਿਲਾਫ ਕਿਸ ਨੂੰ ਉਤਾਰਿਆ ਜਾਵੇਗਾ ਇਸ ਮੁੱਦੇ ‘ਤੇ ਲੰਮੇਂ ਸਮੇਂ ਤੋਂ ਕਿਆਸ ਲਾਏ ਜਾ ਰਹੇ ਸਨ। ਮਲਰੋਨੀ ਯੌਰਕ ਸਿਮਕੌਏ ਹਲਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਹੋਵੇਗੀ। ਉਹ ਪੇਸ਼ੇ ਤੋਂ ਵਕੀਲ ਹੈ ਅਤੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੀ ਧੀ ਹੈ।
ਸੂਤਰਾਂ ਮੁਤਾਬਕ ਮਲਰੋਨੀ ਨੂੰ ਕਾਕਸ ਅਤੇ ਦੂਜੇ ਉਮੀਦਵਾਰਾਂ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਉਸ ਨੂੰ ਨਾਮਜ਼ਦ ਉਮੀਦਵਾਰ ਬਣਨ ਲਈ 100 ਦਸਤਖ਼ਤ ਚਾਹੀਦੇ ਹੋਣਗੇ। ਓਨਟਾਰੀਓ ਤੋਂ ਸਾਬਕਾ ਪੀ. ਸੀ. ਐੱਮ. ਪੀ. ਪੀ. ਕ੍ਰਿਸਟੀਨ ਐਲੀਅਟ ਨੇ ਵੀ ਵੀਰਵਾਰ ਨੂੰ ਇਹ ਐਲਾਨ ਕਰ ਦਿੱਤਾ ਕਿ ਉਹ ਇਸ ਦੌੜ ‘ਚ ਹਿੱਸਾ ਲਵੇਗੀ। ਇਸ ਸਮੇਂ ਐਲੀਅਟ ਓਨਟਾਰੀਓ ਦੀ ਮੈਡੀਕਲ ਪੇਸ਼ੈਂਟ ਓਮਬਡਸਮੈਨ ਹੈ। ਉਹ ਸਾਬਕਾ ਪ੍ਰੀਮੀਅਰ ਮਾਈਕ ਹੈਰਿਸ ਵੇਲੇ ਓਨਟਾਰੀਓ ਸਰਕਾਰ ‘ਚ ਅਤੇ ਫਿਰ ਫੈਡਰਲ ਪੱਧਰ ‘ਤੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ‘ਚ ਵਿੱਤ ਮੰਤਰੀ ਰਹੇ ਮਰਹੂਮ ਜਿੰਮ ਫਲੈਹਰਟੀ ਦੀ ਪਤਨੀ ਹੈ। ਐਲੀਅਟ ਨੇ 2006 ਅਤੇ 2015 ਦਰਮਿਆਨ ਵ੍ਹਿਟਬੀ-ਐਜੈਕਸ ਅਤੇ ਵ੍ਹਿਟਬੀ ਓਸ਼ਾਵਾ ਹਲਕਿਆਂ ਦੀ ਨੁਮਾਇੰਦਗੀ ਕੀਤੀ ਸੀ।
ਟੋਰਾਂਟੋ ਦੇ ਸਾਬਕਾ ਸਿਟੀ ਕਾਉਂਸਲਰ ਡੱਗ ਫੋਰਡ ਵੀ ਰਸਮੀ ਤੌਰ ‘ਤੇ ਸੋਮਵਾਰ ਨੂੰ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਦੇ ਆਪਣੇ ਇਰਾਦੇ ਤੋਂ ਸੱਭ ਨੂੰ ਜਾਣੂ ਕਰਵਾ ਚੁੱਕੇ ਹਨ। ਉਹ ਇਟੋਬੀਕੋ ਨੌਰਥ ਹਲਕੇ ਤੋਂ ਨਾਮਜ਼ਦਗੀ ਚਾਹੁੰਦੇ ਹਨ।

Comments