Close
Menu

ਸਰਕਾਰੀ ਸਕੂਲਾਂ ’ਚ ਪੜ੍ਹਦੀਆਂ ਦੋ ਭੈਣਾਂ ਨੇ ਪਿਉ ’ਤੇ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼

ਲੁਧਿਆਣਾ, 14 ਫਰਵਰੀ

ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੰਗਲੀ ਨੀਚੀ ਵਿੱਚ ਪੜ੍ਹਦੀ ਇੱਕ ਬੱਚੀ ਨੇ ਆਪਣੇ ਪਿਤਾ ਉਪਰ, ਉਸਦਾ ਅਤੇ ਉਸਦੀ ਭੈਣ ਦਾ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਸਕੂਲ ਸਟਾਫ ਰਾਹੀਂ ਜਦੋਂ ਇਸ ਦੀ ਸੂਚਨਾ ਸਕੂਲ ਪ੍ਰਿੰਸੀਪਲ ਨੂੰ ਮਿਲੀ ਤਾਂ ਉਨ੍ਹਾਂ ਇਸ ਸਬੰਧੀ ਚਾਈਲਡ ਲਾਈਨ ਨੂੰ ਸੂਚਿਤ ਕਰਕੇ ਟੀਮ ਬੁਲਾ ਲਈ।
ਕੇਂਦਰ ਵੱਲੋਂ ਸਹਾਇਤਾ ਪ੍ਰਾਪਤ ਅਤੇ ਸੁਆਮੀ ਗੰਗਾ ਨੰਦ ਭੂਰੀ ਵਾਲੇ, ਤਲਵੰਡੀ ਧਾਮ ਖੁਰਦ ਵੱਲੋਂ ਚਲਾਈ ਜਾ ਰਹੀ ਚਾਈਲਡ ਲਾਈਨ ਸੰਸਥਾ ਦੀ ਸਕੂਲ ਪਹੁੰਚੀ ਟੀਮ ਦੇ ਡਾਇਰੈਕਟਰ ਕੁਲਦੀਪ ਸਿੰਘ ਮਾਨ, ਕੋ-ਆਰਡੀਨੇਟਰ ਬਲਰਾਜ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਤੋਂ ਫੋਨ ਆਇਆ ਸੀ ਕਿ ਸਕੂਲ ਦੀ ਇੱਕ ਬੱਚੀ ਦਾ ਉਸ ਦੇ ਪਿਤਾ ਵੱਲੋਂ ਪਿਛਲੇ 4-5 ਸਾਲਾਂ ਤੋਂ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸ੍ਰੀ ਮਾਨ ਨੇ ਦੱਸਿਆ ਕਿ ਪੀੜਤ ਬੱਚੀ ਸਕੂਲ ਦੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਦਾ ਕਹਿਣਾ ਸੀ ਕਿ ਉਸ ਦਾ ਪਿਤਾ, ਜੋ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ, ਵੱਲੋਂ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ। ਪਿਛਲੇ ਚਾਰ-ਪੰਜ ਦਿਨਾਂ ਤੋਂ ਉਸ ਨੇ ਉਸ ਦੀ ਛੋਟੀ ਭੈਣ ਦਾ ਵੀ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਟੀਮ ਨਾਲ ਆਏ ਨਵਚੇਤਨਾ ਬਾਲ ਭਲਾਈ ਕਮੇਟੀ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਗੁਰਨਾਮ ਸਿੰਘ ਨੇ ਕਿਹਾ ਕਿ ਇਨ੍ਹਾਂ ਬੱਚੀਆਂ ਦੇ ਪਿਤਾ ਦਾ ਪਿਛੋਕੜ ਨੇਪਾਲ ਨਾਲ ਸਬੰਧਤ ਹੈ। ਭਾਵੇਂ ਇਸ ਸਬੰਧੀ ਬੱਚੀਆਂ ਦੀ ਮਾਂ ਨੂੰ ਵੀ ਪਤਾ ਹੈ ਪਰ ਉਹ ਆਪਣੇ ਪਤੀ ਨੂੰ ਅਜਿਹਾ ਕਰਨ ਤੋ ਰੋਕਣ ਵਿੱਚ ਅਸਮਰੱਥ ਹੈ।
ਸਕੂਲ ਪ੍ਰਿੰਸੀਪਲ ਨੀਰੂ ਵਰਮਨ ਦਾ ਕਹਿਣਾ ਹੈ ਕਿ ਉਨ੍ਹਾਂ ਤੱਕ ਅੱਜ ਹੀ ਇਹ ਸੂਚਨਾ ਪਹੁੰਚੀ ਹੈ। ਬੱਚੀ ਸਕੂਲ ਦੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ ਜਦਕਿ ਉਸ ਦੀ ਛੋਟੀ ਭੈਣ ਨਾਲ ਲੱਗਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ। ਉਨ੍ਹਾਂ ਦੱਸਿਆ ਕਿ ਪੀੜਤ ਬੱਚੀ ਦੀ ਇੱਕ ਹੋਰ ਭੈਣ ਇਸੇ ਸਕੂਲ ਦੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ, ਜਿਸ ਦਾ ਵੀ ਉਸ ਦੇ ਪਿਤਾ ਵੱਲੋਂ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ। ਉਸ ਨੇ ਪਿਤਾ ਦੇ ਇਸ ਕਾਰੇ ਤੋਂ ਅੱਕ ਕੇ ਕਿਸੇ ਨੌਜਵਾਨ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ। ਹੁਣ ਉਸ ਦੇ ਪਿਤਾ ਵੱਲੋਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਦਾ ਵੀ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ।

Comments