Close
Menu

ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਵਿੱਚ ਸ਼ਿਰਕਤ ਕਰਨਗੇ ਟਰੰਪ

ਵਾਸ਼ਿੰਗਟਨ, 11 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇਸ ਮਹੀਨੇ ਦੇ ਅਖੀਰ ’ਚ ਦਾਵੋਸ ਵਿੱਚ ਹੋਣ ਵਾਲੀ ਵਿਸ਼ਵ ਆਰਥਿਕ ਫੋਰਮ (ਵਰਲਡ ਇਕਨਾਮਿਕ ਫੋਰਮ) ਵਿੱਚ ਸ਼ਿਰਕਤ ਕਰਨਗੇ ਜਿਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ। ਅਠਾਰਾਂ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਕੋਈ ਅਮਰੀਕੀ ਰਾਸ਼ਟਰਪਤੀ ਆਲਮੀ ਪੱਧਰ ਦੇ ਆਰਥਿਕ ਆਗੂਆਂ ਦੀ ਸਾਲਾਨਾ ਮੀਟਿੰਗ ਵਿੱਚ ਹਿੱਸਾ ਲੈਣਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸਾਂਡਰਸ ਨੇ ਦੱਸਿਆ,‘‘ਰਾਸ਼ਟਰਪਤੀ ਟਰੰਪ ‘ਅਮਰੀਕੀ ਬਿਜ਼ਨਸਮੈਨ, ਅਮਰੀਕੀ ਉਦਯੋਗ ਅਤੇ ਅਮਰੀਕੀ ਕਾਮਿਆਂ’ ਦੀ ਧਾਰਨਾ ਨੂੰ ਮਜ਼ਬੂਤ ਕਰਨ ਵਾਲੀਆਂ ਆਪਣੀਆਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਆਸਵੰਦ ਹਨ।’’ ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਦੇ ਦਾਵੋਸ ਦੌਰੇ ਸਬੰਧੀ ਬਿਓਰੇ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ’ਚ ਦੁਵੱਲੀਆਂ ਮੀਟਿੰਗਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਏਜੰਡਾ ਬਹੁਤ ਹੀ ਸਪਸ਼ਟ ਹੈ ਜੋ ‘ਅਮਰੀਕਾ ਨੂੰ ਪਹਿਲ’ ਵਾਲਾ ਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਅਮਰੀਕੀ ਕਾਰੋਬਾਰੀਆਂ ਅਤੇ ਕਾਮਿਆਂ ਨੂੰ ਮਜ਼ਬੂਤ ਬਣਾਉਣ ਵਾਲੀਆਂ ਨੀਤੀਆਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹਨ। ਉਨ੍ਹਾਂ ਦੱਸਿਆ ਕਿ ਕੈਬਨਿਟ ਅਤੇ ਪ੍ਰਸ਼ਾਸਨ ਦੇ ਕਈ ਸੀਨੀਅਰ ਮੈਂਬਰ ਇਸ ਫੋਰਮ ਵਿੱਚ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ‘ਵਿਸ਼ਵ  ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਇਸ ਮਹੀਨੇ ਸਵਿਟਜ਼ਰਲੈਂਡ ਦੇ ਦਾਵੋਸ-ਕਲੋਸਟਰਜ਼ ਵਿੱਚ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਦੋ ਦਿਨਾਂ ਦੌਰੇ ਲਈ ਸਵਿਟਰਜ਼ਰਲੈਂਡ ਲਈ ਰਵਾਨਾ ਹੋਣਗੇ। ਇਸ ਦੌਰਾਨ ਉਹ ਵਿਸ਼ੇਸ਼ ਸੈਸ਼ਨ ਮੌਕੇ ਸੰਬੋਧਨ ਕਰਨਗੇ। ਸਾਲ 1997 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਦਾਵੋਸ ਮੀਟਿੰਗ ਵਿੱਚ ਸ਼ਿਰਕਤ ਕਰਨਗੇ।

Comments