Close
Menu

ਰੀਤੀ ਰਿਵਾਜਾਂ ਦੇ ਨਾਂ ’ਤੇ ਫਜ਼ੂਲ ਖਰਚੀ

ਰੀਤੀ -ਰਿਵਾਜ ਤੇ ਸੰਸਕਾਰ ਮਨੁੱਖ ਦੀ ਪੂਰੀ ਜ਼ਿੰਦਗੀ ਨਾਲੋ ਨਾਲ ਚੱਲਦੇ ਹਨ। ਜਨਮ ਤੋਂ ਲੈ ਕੇ ਮਰਨ ਤਕ ਹਰ ਪੜਾਅ ਉੱਪਰ ਕੋਈ ਨਾ ਕੋਈ ਰਸਮ ਕੀਤੀ ਜਾਂਦੀ ਹੈ। ਪੁਰਾਤਨ ਸਮਿਆਂ ਤੋਂ ਪ੍ਰਚੱਲਿਤ ਰਸਮਾਂ ਤੇ ਰਿਵਾਜ ਅੱਜ ਵੀ ਕਾਇਮ ਹਨ, ਪਰ ਫਰਕ ਸਿਰਫ਼ ਇੰਨਾ ਕੁ ਆ ਗਿਆ ਹੈ ਕਿ ਉਨ੍ਹਾਂ ਰੀਤੀ ਰਿਵਾਜਾਂ ਦੇ ਨਾਂਅ ’ਤੇ ਫਜ਼ੂਲ ਖਰਚੀ ਆਮ ਕੀਤੀ ਜਾਂਦੀ ਹੈ। ਪੈਸੇ ਦੀ ਪ੍ਰਧਾਨਤਾ ਹੋਣ ਕਾਰਨ ਅਜੋਕੇ ਰੀਤੀ-ਰਿਵਾਜ ਖੋਖਲੇ ਜਾਪਦੇ ਹਨ। ਸਮਾਜ ਵਿੱਚ ਨੱਕ ਰੱਖਣ ਲਈ ਲੋਕ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਨ ਤੇ ਵਿੱਤੋਂ ਵੱਧ ਖਰਚਾ ਕਰਕੇ ਪੂਰੀ ਜ਼ਿੰਦਗੀ ਨਰਕ ਭੋਗਦੇ ਹਨ ਜਾਂ ਫਿਰ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ। ਅਜੋਕੀਆਂ ਰਸਮਾਂ ਦੇਖ ਕੇ ਜਾਪਦਾ ਹੈ ਜਿਵੇਂ ਇਹ ਛੋਟੇ ਬੱਚਿਆਂ ਦੀਆਂ ਖੇਡਾਂ ਹੋਣ ਤੇ ਲੋਕ ਭੋਲੇ ਭਾਅ ਇਨ੍ਹਾਂ ਉੱਪਰ ਸਾਰੀ ਪੂੰਜੀ ਲੁਟਾ ਰਹੇ ਹੋਣ। ਪਹਿਲਾਂ ਲੋਕ ਸਾਦਾ ਤੇ ਆਰਾਮਦਾਇਕ ਜੀਵਨ ਬਿਤਾਉਂਦੇ ਸਨ, ਪਰ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚੋਂ ਸਾਦਗੀ ਅਤੇ ਆਰਾਮ ਗਾਇਬ ਹੋ ਚੁੱਕਿਆ ਹੈ।
ਬੱਚੇ ਦੇ ਜਨਮ ਖਾਸ ਕਰਕੇ ਮੁੰਡੇ ਦੇ ਜਨਮ ’ਤੇ ਰੀਤੀ-ਰਿਵਾਜਾਂ ਦੇ ਨਾਮ ’ਤੇ ਜਸ਼ਨ ਮਨਾਉਣ ਲਈ ਬਹੁਤ ਖਰਚਾ ਕੀਤਾ ਜਾਂਦਾ ਹੈ। ਮਹਿੰਗੇ ਅਤੇ ਬੇਲੋੜੇ ਤੋਹਫੇ ਦਿੱਤੇ ਲਏ ਜਾਂਦੇ ਹਨ। ਉਸ ਦੇ ਮਾਪੇ ਸਮਾਜ ਵਿੱਚ ਧੌਂਸ ਰੱਖਣ ਲਈ ਪੈਸਾ ਪਾਣੀ ਵਾਂਗ ਵਹਾ ਦਿੰਦੇ ਹਨ। ਕੁੜੀਆਂ ਦੀ ਲੋਹੜੀ ਦਾ ਰਿਵਾਜ ਚਾਹੇ ਹੁਣ ਪ੍ਰਚੱਲਿਤ ਹੋ ਰਿਹਾ ਹੈ ਜੋ ਇੱਕ ਚੰਗੀ ਪਹਿਲ ਹੈ, ਪਰ ਜਸ਼ਨ ਤਾਂ ਅੱਜ ਵੀ ਮੁੰਡਿਆਂ ਦੇ ਜਨਮ ’ਤੇ ਹੀ ਮਨਾਏ ਜਾਂਦੇ ਹਨ। ਅੱਗੇ ਪੜ੍ਹਾਈ ’ਤੇ ਬਹੁਤ ਖਰਚ ਹੁੰਦਾ ਹੈ। ਅਜੋਕੇ ਮਾਪੇ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਮਹਿੰਗੇ ਕੌਨਵੈਂਟ ਸਕੂਲਾਂ ਵਿੱਚ ਹੀ ਪੜ੍ਹਾਉਣਾ ਪਸੰਦ ਕਰਦੇ ਹਨ ਜੋ ਅੱਜ ਸਟੇਟਸ ਸਿੰਬਲ ਬਣ ਗਿਆ ਹੈ। ਪਹਿਲਾਂ ਸਾਰੇ ਪਿੰਡ ਦੇ ਬੱਚੇ ਇੱਕ ਹੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ, ਪਰ ਉਪਭੋਗਤਾਵਾਦੀ ਯੁੱਗ ਅਤੇ ਪੈਸੇ ਦੀ ਪ੍ਰਮੁੱਖਤਾ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਊਚ ਨੀਚ ਦਾ ਭੇਦ ਜੋ ਇਕੱਠੇ ਪੜ੍ਹਨ ਨਾਲ ਮਿਟਣਾ ਸੀ, ਹੁਣ ਉਹ ਵਿਕਰਾਲ ਰੂਪ ਧਾਰਨ ਕਰ ਗਿਆ ਹੈ।
ਸਾਡੇ ਸਮਾਜ ਵਿੱਚ ਸਭ ਤੋਂ ਜ਼ਿਆਦਾ ਫਜ਼ੂਲ ਖਰਚੀ ਵਿਆਹਾਂ ’ਤੇ ਕੀਤੀ ਜਾਂਦੀ ਹੈ ਜਿੱਥੇ ਦਹੇਜ ਦੇ ਨਾਮ ’ਤੇ ਸੌਦੇ ਕੀਤੇ ਜਾਂਦੇ ਹਨ। ਪੁਰਾਤਨ ਕਾਲ ਵਿੱਚ ਦਾਜ ਦਾ ਜ਼ਿਕਰ ਮਿਲਦਾ ਹੈ, ਪਰ ਉਦੋਂ ਹੈਸੀਅਤ ਅਨੁਸਾਰ ਤੇ ਸਾਦਾ ਦਾਜ ਦਿੱਤਾ ਜਾਂਦਾ ਸੀ। ਜੰਝ ਦੀ ਆਓ ਭਗਤ ਸਾਧਾਰਨ ਤਰੀਕੇ ਨਾਲ ਹੁੰਦੀ ਸੀ। ਬਰਾਤੀ ਵੀ ਨੈਤਿਕਤਾ ਦਾ ਪੱਲਾ ਨਹੀਂ ਛੱਡਦੇ ਸਨ ਤੇ ਸਾਦਗੀ ਨਾਲ ਹਰ ਰਸਮ ਵਿੱਚ ਸ਼ਾਮਲ ਹੁੰਦੇ ਸਨ। ਅਜੋਕੇ ਸਮੇਂ ਅੰਦਰ ਬਰਾਤ ਦੀ ਆਓ ਭਗਤ ਬੜੇ ਜੋਸ਼ ਖਰੋਸ਼ ਨਾਲ ਕੀਤੀ ਜਾਂਦੀ ਹੈ। ਮਹਿੰਗੇ ਖਾਣੇ ਪਰੋਸੇ ਜਾਂਦੇ ਹਨ। ਆਰਕੈਸਟਰਾ ਲਗਾ ਕੇ ਨੈਤਿਕਤਾ ਨੂੰ ਛਿੱਕੇ ਟੰਗ ਕੇ ਅੱਧ ਢਕੇ ਜਿਸਮਾਂ ਦੀ ਨੁਮਾਇਸ਼ ਲਗਾਈ ਜਾਂਦੀ ਹੈ। ਅਜੋਕਾ ਵਿਆਹ ਪਹਿਲਾਂ ਦੀ ਤਰ੍ਹਾਂ ਦਿਨਾਂ ਦਾ ਨਾ ਹੋ ਕੇ ਚੰਦ ਘੰਟਿਆਂ ਵਿੱਚ ਨਿੱਬੜ ਜਾਂਦਾ ਹੈ ਅਤੇ ਇਹ ਚੰਦ ਘੰਟੇ ਦੀ ਮੇਜ਼ਬਾਨੀ ਹੀ ਜਾਨ ਸੂਲੀ ’ਤੇ ਟੰਗ ਦਿੰਦੀ ਹੈ। ਮੈਰਿਜ ਪੈਲੇਸਾਂ ਦੀ ਆਮਦ 1980 ਤੋਂ ਬਾਅਦ ਹੀ ਹੋਈ ਹੈ ਜਿਸ ਨੇ ਵਿਆਹਾਂ ਦੀਆਂ ਰਸਮਾਂ ਨੂੰ ਫੁਰਤੀ ਪ੍ਰਦਾਨ ਦਿੱਤੀ ਹੈ ਅਤੇ ਕਾਫ਼ੀ ਹੱਦ ਤਕ ਬਣਾਵਟੀਪਣ ਵੀ ਲਿਆਂਦਾ ਹੈ। ਲੋਕੀਂ ਸ਼ਗਨ ਦਾ ਲਿਫ਼ਾਫ਼ਾ ਲੈ ਕੇ ਚੰਦ ਪਲਾਂ ਲਈ ਜਾਂਦੇ ਹਨ ਤੇ ਖਾ ਪੀ ਕੇ ਵਾਪਸ ਆ ਜਾਂਦੇ ਹਨ। ਭਾਈਚਾਰਕ ਸਾਂਝ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਅਨੰਦ ਕਾਰਜ ਦੀ ਰਸਮ ਵਿੱਚ ਜਿੱਥੇ ਪਹਿਲਾਂ ਸਾਰੇ ਲੋਕ ਸ਼ਾਮਿਲ ਹੁੰਦੇ ਸਨ,ਪਰ ਹੁਣ ਤਾਂ ਪਤਾ ਹੀ ਨਹੀਂ ਚੱਲਦਾ ਕਦੋਂ ਇਹ ਰਸਮ ਹੋ ਗਈ। ਖਾਣ-ਪੀਣ ਦਾ ਸੱਭਿਆਚਾਰ ਸਾਡੇ ਮਨਾਂ ’ਤੇ ਭਾਰੂ ਹੋ ਚੁੱਕਿਆ ਹੈ। ਸਿਰਫ਼ ਚੰਦ ਪਲਾਂ ਦੀ ਝੂਠੀ ਖੁਸ਼ੀ ਨੂੰ ਅਸੀਂ ਅਨੰਦ ਸਮਝਣ ਦਾ ਵਹਿਮ ਪਾਲ ਬੈਠੇ ਹਾਂ।
ਫਜ਼ੂਲ ਖਰਚੀ ਦਾ ਸਬੰਧ ਸਿਰਫ਼ ਖੁਸ਼ੀ ਨਾਲ ਹੀ ਨਹੀਂ ਹੈ, ਸਗੋਂ ਗਮੀ ਵਿੱਚ ਵੀ ਫਜ਼ੂਲ ਖਰਚੀ ਘੱਟ ਨਹੀਂ ਕੀਤੀ ਜਾਂਦੀ। ਜ਼ਮਾਨਾ ਚਾਹੇ ਬਦਲ ਗਿਆ ਹੈ, ਪਰ ਮਰਨ ਆਦਿ ਦੀਆਂ ਰਸਮਾਂ ’ਤੇ ਵੀ ਕਾਫ਼ੀ ਖਰਚ ਕੀਤਾ ਜਾਂਦਾ ਹੈ। ਬਜ਼ੁਰਗਾਂ ਨੂੰ ਵੱਡਾ ਕਰਨ ਦੇ ਨਾਂਅ ’ਤੇ ਜਲੇਬੀਆਂ ਜਾਂ ਹੋਰ ਪਕਵਾਨਾਂ ਨਾਲ ਲੋਕਾਂ ਦੀ ਖਿਦਮਤ ਕੀਤੀ ਜਾਂਦੀ ਹੈ। ਇਹ ਕੌੜਾ ਸੱਚ ਹੈ ਕਿ ਜਿਸ ਬਜ਼ੁਰਗ ਨੂੰ ਵੱਡਾ ਕੀਤਾ ਜਾਂਦਾ ਹੈ ਅਕਸਰ ਹੀ ਉਸ ਦੀ ਔਲਾਦ ਨੇ ਉਸ ਨੂੰ ਠੋਕਰਾਂ ਮਾਰੀਆਂ ਹੁੰਦੀਆਂ ਹਨ ਅਤੇ ਸਿਰਫ਼ ਸ਼ਰੀਕੇ ਵਿੱਚ ਧੌਂਸ ਰੱਖਣ ਲਈ ਅਜਿਹਾ ਕੀਤਾ ਜਾਂਦਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਬਿਰਧ ਆਸ਼ਰਮ ਸਾਡੇ ਸਮਾਜ ’ਤੇ ਕਲੰਕ ਨਾ ਬਣਦੇ। ਅਜੋਕੇ ਅਗਾਂਹਵਧੂ ਤੇ ਪੜ੍ਹੇ ਲਿਖੇ ਜ਼ਿਆਦਾਤਰ ਲੋਕਾਂ ਨੇ ਆਪਣੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਆਪਣੇ ਆਪ ਨੂੰ ਸਾਫ਼ ਦੱਸਣ ਲਈ ਲੋਕ ਉਨ੍ਹਾਂ ਬਜ਼ੁਰਗਾਂ ਦੇ ਮਰਨ ’ਤੇ ਇਹ ਫਜ਼ੂਲ ਖਰਚੀ ਕਰਦੇ ਹਨ। ਜੇਕਰ ਅਸੀਂ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਤੇ ਬਣਦਾ ਸਤਿਕਾਰ ਨਹੀਂ ਦਿੰਦੇ ਤਾਂ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਤੋਂ ਸਤਿਕਾਰ ਦੀ ਆਸ ਛੱਡ ਦੇਣੀ ਚਾਹੀਦੀ ਹੈ।
ਰੀਤੀ-ਰਿਵਾਜ ਤੇ ਸੰਸਕਾਰ ਜੋ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲੇ ਹਨ, ਉਹ ਬੜੇ ਮਹਾਨ ਹਨ ਜੋ ਸਾਨੂੰ ਭਾਈਚਾਰਕ ਬੰਧਨਾਂ ਵਿੱਚ ਬੰਨ੍ਹਦੇ ਹਨ। ਸਮਾਜ ਵਿੱਚ ਹੋਈ ਉੱਥਲ ਪੁੱਥਲ ਨੂੰ ਠੱਲ ਪਾਉਣ ਲਈ ਸਾਨੂੰ ਅਖੌਤੀ ਰੀਤੀ- ਰਿਵਾਜ ਤਿਆਗਣੇ ਪੈਣਗੇ। ਫਜ਼ੂਲ ਖਰਚੀ ਨੂੰ ਬੰਦ ਕਰਕੇ ਇਸ ਪੈਸੇ ਦਾ ਸਾਰਥਿਕ ਉਪਯੋਗ ਕੀਤਾ ਜਾਵੇ। ਦੇਸ਼ ਦੇ 21 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਤੇ ਮੁਲਕ ਦੇ 40 ਫ਼ੀਸਦੀ ਬੱਚੇ ਕੁਪੋਸ਼ਿਤ ਹਨ। ਗ਼ਰੀਬੀ ਕਾਰਨ ਸਾਡੇ ਦੇਸ਼ ਦੇ 1.40 ਕਰੋੜ ਲੋਕ ਗ਼ੁਲਾਮੀ ਦਾ ਜੀਵਨ ਬਿਤਾ ਰਹੇ ਹਨ। ਗ਼ਰੀਬੀ ਕਾਰਨ ਲਾਇਕ ਬੱਚੇ ਪੜ੍ਹਾਈ ਛੱਡਣ ਲਈ ਮਜਬੂਰ ਹਨ। ਇਨ੍ਹਾਂ ਲੋਕਾਂ ਦੀ ਮਦਦ ਕਰਕੇ ਪੈਸੇ ਦੀ ਵਰਤੋਂ ਸਾਰਥਿਕ ਹੋ ਸਕਦੀ ਹੈ। ਸਰਦੀ ਤੇ ਬਿਮਾਰੀਆਂ ਕਾਰਨ ਰੋਜ਼ਾਨਾ ਕਿੰਨੇ ਲੋਕ ਮਰਦੇ ਹਨ, ਪਰ ਫਿਰ ਵੀ ਸਾਡੀ ਇਨਸਾਨੀਅਤ ਨਹੀਂ ਜਾਗਦੀ।

Comments