Close
Menu

ਰਜਨੀ ਦਾ ਰੰਗ ਭਗਵਾ ਹੋਣ ’ਤੇ ਗੱਠਜੋੜ ਮੁਸ਼ਕਲ: ਹਾਸਨ

ਕੈਂਬਰਿਜ (ਮੈਸਾਚਿਊਸਟਸ), 12 ਫਰਵਰੀ
ਫ਼ਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਭਾਜਪਾ ਦਾ ਅਸਿੱਧਾ ਹਵਾਲਾ ਦਿੰਦਿਆਂ ਸਾਫ਼ ਕਰ ਦਿੱਤਾ ਹੈ ਜੇਕਰ ਸੁਪਰਸਟਾਰ ਰਜਨੀਕਾਂਤ ਨੇ ‘ਭਗਵਾ’ ਰੰਗ ਨਾਲ ਹੱਥ ਮਿਲਾਇਆ ਤਾਂ ਉਨ੍ਹਾਂ ਵਿਚਾਲੇ ਸਿਆਸੀ ਗੱਠਜੋੜ ਬਣਨਾ ਮੁਸ਼ਕਲ ਹੈ। ਹਾਲ ਹੀ ਵਿੱਚ ਚੋਣ ਸਿਆਸਤ ਵਿੱਚ ਦਾਖ਼ਲੇ ਦਾ ਐਲਾਨ ਕਰਨ ਵਾਲੇ ਹਾਸਨ ਨੇ ਕਿਹਾ ਕਿ ਸਿਆਸਤ ਵਿੱਚ ਪੈਰ ਧਰਨ ਦਾ ਮੁੱਖ ਮੰਤਵ ਆਮ ਆਦਮੀ ਨੂੰ ਦਰਪੇਸ਼ ਮੁਸ਼ਕਲਾਂ ਨੂੰ ਚੁਣੌਤੀ ਦੇਣਾ ਹੈ।
ਇਥੇ ਹਾਰਵਰਡ ਯੂਨੀਵਰਸਿਟੀ ਵਿੱਚ ਸਾਲਾਨਾ ਭਾਰਤੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਾਸਨ ਨੇ ਕਿਹਾ, ‘ਮੈਨੂੰ ਆਸ ਹੈ ਕਿ ਰਜਨੀ ਦਾ ਰੰਗ ਭਗਵਾ ਨਹੀਂ ਹੋਵੇਗਾ, ਪਰ ਜੇਕਰ ਉਨ੍ਹਾਂ ਦਾ ਰੰਗ ਭਗਵਾ ਹੋ ਗਿਆ ਤਾਂ ਫ਼ਿਰ ਗੱਠਜੋੜ ਹੋਣਾ ਮੁਸ਼ਕਲ ਹੈ।’ ਕਾਨਫਰੰਸ ਦੌਰਾਨ ਸੂਤਰਧਾਰ ਦੀ ਭੂਮਿਕਾ ਨਿਭਾ ਰਹੀ ਬਰਖਾ ਦੱਤ ਵੱਲੋਂ ਰਜਨੀਕਾਤ ਨਾਲ ਤਿੱਖੇ ਵਿਚਾਰਧਾਰਕ ਵੱਖਰੇਵਿਆਂ ਬਾਰੇ ਪੁੱਛੇ ਜਾਣ ’ਤੇ ਅਦਾਕਾਰ ਨੇ ਕਿਹਾ, ‘ਫ਼ਿਲਹਾਲ ਮੈਨੂੰ ਕੋਈ ਸਪਸ਼ਟ ਸਮਝ ਨਜ਼ਰ ਨਹੀਂ ਆਉਂਦੀ।’ ਹਾਲਾਂਕਿ ਅਦਾਕਾਰ ਨੇ ਇਸ਼ਾਰਾ ਕੀਤਾ ਕਿ ਹਾਲ ਦੀ ਘੜੀ ਸਾਰੇ ਦਰ ਖੁੱਲ੍ਹੇ ਹਨ ਤੇ ਲੋੜ ਪੈਣ ’ਤੇ ਦੂਜਿਆਂ ਦਾ ਹੱਥ ਫੜ੍ਹਿਆ ਜਾ ਸਕਦਾ ਹੈ। ਉਂਜ ਅਦਾਕਾਰ ਨੇ ਚੋਣਾਂ ਮਗਰੋਂ ਕਿਸੇ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਪਾਰਟੀ ਨੂੰ ਚੋਣਾਂ ’ਚ ਬਹੁਮਤ ਨਾ ਮਿਲਣ ’ਤੇ ਵਿਰੋਧੀ ਖੇਮੇ ’ਚ ਬੈਠਣ ਨੂੰ ਤਰਜੀਹ ਦੇਣ ਦੀ ਗੱਲ ਕਰਦਿਆਂ ਹਾਸਨ ਨੇ ਕਿਹਾ, ‘ਜੇਕਰ ਸਪਸ਼ਟ ਬਹੁਮਤ ਨਾ ਮਿਲਿਆ, ਇਹ ਲੋਕਾਂ ਦਾ ਫ਼ੈਸਲਾ ਹੋਵੇਗਾ। ਪਰ ਫ਼ਿਰ ਮੈਂ ਬੈਠਣ ਦੀ ਥਾਂ ਖੜ੍ਹੇ ਹੋ ਕੇ ਅਗਲੀ ਵਾਰੀ ਦੀ ਉਡੀਕ ਕਰਾਂਗਾ।’ ਉਨ੍ਹਾਂ ਕਿਹਾ, ‘ਨਵੀਂ ਸਿਆਸੀ ਪਾਰਟੀ ਸ਼ੁਰੂ ਕਰਨ ਦਾ ਕਾਰਨ ਖੁ਼ਦ ਦੱਸਦਾ ਹੈ ਕਿ ਮੈਂ ਸਿਆਸਤਦਾਨਾਂ ਨਾਲ ਨਹੀਂ ਬਲਕਿ ਲੋਕਾਂ ਨਾਲ ਤੁਰਨਾ ਚਾਹੁੰਦਾ ਹਾਂ।’ ਅਦਾਕਾਰ ਨੇ ਵਿਸ਼ਵ ਭਰ ਦੇ ਤਾਮਿਲ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਨਵੇਂ ਵਿਚਾਰ ਸਾਂਝੇ ਕਰਨ। ਅਦਾਕਾਰ ਨੇ ਕਿਹਾ ਉਹ 21 ਫ਼ਰਵਰੀ ਨੂੰ ਇਕ ਵੱਡਾ ਐਲਾਨ ਕਰੇਗਾ। ਫ਼ਿਲਮ ਅਦਾਕਾਰ ਨੇ ਐਲਾਨ ਕੀਤਾ ਕਿ ਉਹ ਰਾਜ ਦੇ ਹਰ ਜ਼ਿਲ੍ਹੇ ’ਚੋਂ ਇਕ ਪਿੰਡ ਨੂੰ ਗੋਦ ਲੈਣਗੇ।

Comments