Close
Menu

ਭਾਰਤ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਵਾਂਗੇ: ਪਾਕਿ

ਇਸਲਾਮਾਬਾਦ, 14 ਫਰਵਰੀ
ਜੰਮੂ ਦੇ ਫੌਜੀ ਕੈਂਪ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੋਣ ਦੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਪਾਕਿਸਤਾਨ ਨੇ ਅੱਜ ਚੇਤਾਵਨੀ ਦਿੱਤੀ ਕਿ ਜੇ ਭਾਰਤ ਨੇ ਕੋਈ ਵਧੀਕੀ ਕੀਤੀ ਤਾਂ ਉਸ ਦਾ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੁੰਜਵਾਂ ਫੌਜੀ ਕੈਂਪ ਹਮਲੇ ਦੀ ਜ਼ਿੰਮੇਵਾਰੀ ਪਾਕਿ ਅਧਾਰਤ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਲਈ ਸੀ, ਜਿਸ ਵਿੱਚ ਛੇ ਫੌਜੀ ਜਵਾਨਾਂ ਸਮੇਤ 7 ਜਣੇ ਮਾਰੇ ਗਏ ਸੀ। ਰੱਖਿਆ ਮੰਤਰੀ ਸੀਤਾਰਮਨ ਨੇ ਕੱਲ੍ਹ ਫੌਜੀ ਕੈਂਪ ’ਤੇ ਹੋਏ ਦਹਿਸ਼ਤੀ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਪਸ਼ਟ ਕੀਤਾ ਸੀ ਕਿ ਇਸਲਾਮਾਬਾਦ ਨੂੰ ਇਸ ਵਧੀਕੀ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਰੱਖਿਆ ਮੰਤਰੀ ਦੀ ਇਸ ਟਿੱਪਣੀ ਦਾ ਜਵਾਬ ਦਿੰਦਿਆਂ ਪਾਕਿਸਤਾਨੀ ਹਮਰੁਤਬਾ ਖੁੱਰਮ ਦਸਤਗ਼ੀਰ ਖ਼ਾਨ ਨੇ ਅੱਜ ਇਸਲਾਬਾਦ ਵਿੱਚ ਕਿਹਾ, ‘‘ ਜੇ ਭਾਰਤ ਕੋਈ ਵਧੀਕੀ ਕਰਦਾ ਹੈ ਤਾਂ ਉਸ ਨੂੰ ਉਸੇ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ। ’’ ਉਨ੍ਹਾਂ ਕਿਹਾ ਕਿ ਭਾਰਤ ਬਿਨਾਂ ਠੋਸ ਸਬੂਤਾਂ ਦੇ ਪਾਕਿਸਤਾਨ ’ਤੇ ਦੋਸ਼ ਲਾਉਣ ਦੀ ਥਾਂ ਜਾਸੂਸਾਂ ਰਾਹੀਂ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਨੂੰ ਹੱਲਾਸ਼ੇਰੀ ਦੇਣ ਦਾ ਜਵਾਬ ਦੇਵੇ। ਉਹ ਪਾਕਿਸਤਾਨੀ ਫੌਜੀ ਅਦਾਲਤ ਵੱਲੋਂ ਮੌਤ ਦੇ ਸਜ਼ਾਯਾਫ਼ਤਾ ਕੁਲਭੂਸ਼ਣ ਜਾਧਵ ਦਾ ਜ਼ਿਕਰ ਕਰ ਰਹੇ ਸੀ।
ਡਾਅਨ ਵਿੱਚ ਛਪੀ ਰਿਪੋਰਟ ਅਨੁਸਾਰ ਖਾਨ ਨੇ ਕਿਹਾ, ‘‘ ਪਾਕਿਸਤਾਨੀ ਫੌਜ ਮੁਲਕ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਾਰਤ ਨੂੰ ਉਸ ਦੀ ਹਰ ਕਾਰਵਾਈ ਦਾ ਮੂੰਹ ਤੋੜ ਜਾਵਬ ਮਿਲੇਗਾ।’’

Comments