Close
Menu

ਭਾਜਪਾ ਨੂੰ ਭਾਂਜ ਦੇਣ ਲਈ ਵਿਰੋਧੀ ਧਿਰਾਂ ਇਕਜੁੱਟ ਕਰਾਂਗੇ: ਸ਼ਰਦ ਯਾਦਵ

ਚੰਡੀਗੜ੍ਹ, 14 ਫਰਵਰੀ
ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਸਾਬਕਾ ਪ੍ਰਧਾਨ ਅਤੇ ਦੇਸ਼ ਵਿਚ ‘ਸਾਂਝੀ ਵਿਰਾਸਤ ਬਚਾਓ’ ਮੁਹਿੰਮ ਚਲਾ ਰਹੇ ਸ਼ਰਦ ਯਾਦਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਾਲ 2019 ਦੀਆਂ ਚੋਣਾਂ ਦੌਰਾਨ ਸੱਤਾ ਤੋਂ ਲਾਹੁਣ ਲਈ ਵਿਰੋਧੀ ਧਿਰਾਂ ਵਿਚਕਾਰ ਵੰਡੀਆਂ 69 ਫੀਸਦ ਵੋਟਾਂ ਇਕੱਠੀਆਂ ਕਰਨ ਦੇ ਯਤਨ ਵਿੱਢ ਦਿੱਤੇ ਹਨ।
ਇਥੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਦੇ ਰੁਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ  ਸੰਵਿਧਾਨ ਉਲੰਘ ਕੇ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕਰ ਰਹੀ ਮੋਦੀ ਸਰਕਾਰ ਨੂੰ ਸਾਲ 2019 ਦੀਆਂ ਚੋਣਾਂ ਦੌਰਾਨ ਖਦੇੜਨ ਲਈ 18-19 ਧਿਰਾਂ ਵਿਚ ਵੰਡੀ ਪਈ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਲਈ ਦੇਸ਼ ਭਰ ਵਿਚ ‘ਸਾਂਝੀ ਵਿਰਾਸਤ ਜੋੜੋ ਸੰਮੇਲਨ’ ਕੀਤੇ ਜਾ ਰਹੇ ਹਨ ਅਤੇ ਜੈਪੁਰ, ਮੁੰਬਈ, ਦਿੱਲੀ ਅਤੇ ਮੱਧ ਪ੍ਰਦੇਸ ਵਿਚ ਅਜਿਹੇ ਸੰਮੇਲਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ 2014 ਦੀਆਂ ਚੋਣਾਂ ਦੌਰਾਨ 69 ਫੀਸਦ ਵੋਟਾਂ ਕਈ ਵਿਰੋਧੀ ਧਿਰਾਂ ਵਿਚ ਵੰਡੇ ਜਾਣ ਕਾਰਨ ਭਾਜਪਾ ਨੇ 31 ਫੀਸਦ ਵੋਟਾਂ ਨਾਲ ਕੇਂਦਰ ਵਿੱਚ ਸੱਤਾ ਉਪਰ ਕਬਜ਼ਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਾਲ 1977 ਵਿਚ ਕੌਮੀ ਪੱਧਰ ’ਤੇ ਕੇਵਲ 4 ਸਿਆਸੀ ਪਾਰਟੀਆਂ ਸਨ ਪਰ ਹੁਣ ਇਹ ਗਿਣਤੀ ਵੱਧ ਕੇ 18-19 ਤਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਏਕੇ ਲਈ ਪੰਜਾਬ ਦੇ ਵੀ ਕੁਝ ਆਗੂਆਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਰੋਧੀ ਧਿਰਾਂ ਨੂੰ ਇਕ ਕਰਨ ਦੇ ਸਮਰੱਥ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਉਹ ਜਲਦ ਹੀ ਕੌਮੀ ਸੰਮੇਲਨ ਕਰਕੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ। ਉਨ੍ਹਾਂ ਮੰਨਿਆਂ ਕਿ ਅੱਜ ਸਮਾਜਵਾਦੀ ਅਤੇ ਖੱਬੀਆਂ ਧਿਰਾਂ  ਦਾ ਅੰਦੋਲਨ ਕਮਜ਼ੋਰ ਅਤੇ ਖਿੰਡਿਆ ਪਿਆ ਹੈ, ਜੋ ਦੇਸ਼ ਦੀ ਬਦਕਿਸਮਤੀ ਹੈ।ਜਨਤਾ ਦਲ ਵਿਚੋਂ ਨਿਕਲੇ ਆਗੂ 11 ਪਾਰਟੀਆਂ ਬਣਾਈ ਬੈਠੇ ਹਨ। ਸ੍ਰੀ ਯਾਦਵ ਨੇ ਕਿਹਾ ਕਿ ‘ਮਰਨਾ ਮਨਜ਼ੂਰ ਪਰ ਭਾਜਪਾ ਵਿਚ ਨਹੀਂ ਜਾਵਾਂਗਾ’ ਦਾ ਰਾਗ ਅਲਾਪਣ ਵਾਲੇ ਨਿਤੀਸ਼ ਕੁਮਾਰ ਵੀ 11 ਕਰੋੜ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਕੇ ਮੋਦੀ ਦਾ ਪੱਲਾ ਫੜ੍ਹੀ ਬੈਠੇ ਹਨ।
ਉਨ੍ਹਾਂ ਕਿਹਾ ਕਿ ਆਮ ਜਨਤਾ ਵਿਚ ਈਵੀਐਮਜ਼ ਬਾਰੇ ਕਈ ਤਰਾਂ ਦੇ ਭਰਮ ਪੈਦਾ ਹੋ ਗਏ ਹਨ, ਇਸ ਲਈ ਮੁੜ ਬੈਲਟ ਪੇਪਰਾਂ ਰਾਹੀਂ ਹੀ ਵੋਟਾਂ ਪਾਉਣ ਦਾ ਸਿਸਟਮ ਸ਼ੁਰੂ ਕਰਨ ਦੀ ਲੋੜ ਹੈ।ਸ੍ਰੀ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਭਾਰਤੀ ਸੰਵਿਧਾਨ ਨੂੰ ਨਿਤਦਿਨ ਚੋਟਾਂ ਪਹੁੰਚਾ ਕੇ ਦੇਸ਼ ਨੂੰ ਧਰਮਾਂ ਅਤੇ ਜਾਤਾਂ ਦੇ ਨਾਮ ’ਤੇ ਵੰਡ ਰਹੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਧਨ ਕਿਸਾਨਾਂ ਦਾ ਏਟੀਐਮ ਮੰਨਿਆਂ ਜਾਂਦਾ ਹੈ ਪਰ ਮੋਦੀ ਸਰਕਾਰ ਗਾਂ ਦੇ ਨਾਮ ਉਪਰ ਹੀ ਰਾਜਨੀਤੀ ਕਰ ਰਹੀ ਹੈ। ਅੱਜ ਦੇਸ਼ ਵਿਚ ਅਣਐਲਾਨੀ ਐਮਰਜੈਂਸੀ ਵਰਗਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਮੋਦੀ ਦੇ ਹਰੇਕ ਸਾਲ 2 ਕਰੋੜ ਨੌਕਰੀਆਂ ਦੇਣ, ਕਿਸਾਨਾਂ ਨੂੰ ਫਸਲਾਂ ਦੀ ਲਾਗਤ ਦਾ ਡੇਢ ਗੁਣਾ ਭਾਅ ਦੇਣ, ਵਿਦੇਸ਼ਾਂ ਵਿਚੋਂ ਕਾਲਾ ਧਨ ਵਾਪਸ ਲਿਆਉਣ ਆਦਿ ਵਾਅਦੇ ਹਵਾ ਹੋ ਗਏ ਹਨ ਅਤੇ ਉਲਟਾ ਦੇਸ਼ ਉਪਰ ਠੇਕੇਦਾਰੀ ਸਿਸਟਮ ਸ਼ੁਰੂ ਕਰਕੇ ਚੁਫੇਰੇ ਸ਼ੋਸਣ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਸਰਕਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪ੍ਰੋਗਰਾਮ ਲਈ ਹਰਿਆਣਾ ਭਰ ਵਿਚੋਂ ਮੋਟਰਸਾਈਕਲ ਇਕੱਠੇ ਕਰਕੇ ਸਿਆਸੀ ਡਰਾਮਾ ਕਰਨ ਵਿਚ ਲੱਗੀ ਹੋਈ ਹੈ।

Comments