Close
Menu

ਬੁਰੀ ਆਦਤ

ਅਮਰ ਬਹੁਤ ਹੀ ਆਲਸੀ ਮੁੰਡਾ ਸੀ। ਉਹ ਕੋਈ ਵੀ ਕੰਮ ਸਮੇਂ ਸਿਰ ਨਾ ਕਰਦਾ। ਉਸ ਨੂੰ ਹਮੇਸ਼ਾਂ ਵਿਹਲਾ ਬੈਠਣਾ ਹੀ ਚੰਗਾ ਲੱਗਦਾ। ਸਵੇਰੇ ਉੱਠਣ ਵੇਲੇ ਵੀ ਉਹ ਬਹੁਤ ਤੰਗ ਕਰਦਾ। ਕਈ ਵਾਰ ਉਹ ਬਿਨਾਂ ਨਹਾਏ ਤੇ ਬਿਨਾਂ ਰੋਟੀ ਖਾਧੇ ਹੀ ਸਕੂਲ ਜਾਂਦਾ। ਉਸ ਦਾ ਸਕੂਲ ਦਾ ਕੰਮ ਹਮੇਸ਼ਾਂ ਅਧੂਰਾ ਹੀ ਰਹਿੰਦਾ। ਉਸ ਦੇ ਭੈਣ-ਭਰਾ ਸ਼ੀਲਾ ਤੇ ਨਰੇਸ਼ ਸਮੇਂ ਸਿਰ ਕੰਮ ਕਰਦੇ। ਮਾਤਾ-ਪਿਤਾ ਵੀ ਕੰਮ ਲਈ ਉਨ੍ਹਾਂ ਦੋਵਾਂ ਨੂੰ ਹੀ ਬੁਲਾਉਂਦੇ ਕਿਉਂਕਿ ਅਮਰ ਤੋਂ ਉਨ੍ਹਾਂ ਨੂੰ ਕਿਸੇ ਕੰਮ ਦੀ ਉਮੀਦ ਨਹੀਂ ਸੀ।
ਅਮਰ ਦੀ ਬੁਰੀ ਆਦਤ ਕਾਰਨ ਸਾਰਾ ਪਰਿਵਾਰ ਦੁਖੀ ਸੀ। ਜਦੋਂ ਕੋਈ ਅਮਰ ਨੂੰ ਉਸ ਦੀ ਮਾਂ ਜਾਂ ਬਾਪ ਦਾ ਨਾਂ ਲੈ ਕੇ ਸੁਸਤ ਕਹਿੰਦਾ ਤਾਂ ਉਸ ਦੇ ਭੈਣ-ਭਰਾ ਬਹੁਤ ਸ਼ਰਮਿੰਦਾ ਹੁੰਦੇ। ਉਨ੍ਹਾਂ ਨੇ ਅਮਰ ਨੂੰ ਸਮਝਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਅਮਰ ਦੇ ਕੰਨ ’ਤੇ ਜੂੰ ਨਾ ਸਰਕੀ। ਸਾਰੇ ਪਰਿਵਾਰ ਨੇ ਉਸ ਨੂੰ ਸਮਝਾਉਣ ਲਈ ਗੁੱਸੇ ਤੇ ਪਿਆਰ ਦੇ ਦੋਵੇਂ ਤਰੀਕੇ ਅਪਣਾਏ, ਪਰ ਉਸ ਵਿੱਚ ਕੋਈ ਤਬਦੀਲੀ ਨਾ ਆਈ।
ਸ਼ੀਲਾ ਤੇ ਨਰੇਸ਼ ਨੇ ਛੁੱਟੀਆਂ ਹੁੰਦੇ ਸਾਰ ਹੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਦਿਨਾਂ ਵਿੱਚ ਹੀ ਖ਼ਤਮ ਕਰ ਦਿੱਤਾ। ਉਹ ਦੋਵੇਂ ਨਾਨਕੇ ਜਾਣਾ ਚਾਹੁੰਦੇ ਸਨ। ਸ਼ੀਲਾ ਨੇ ਆਪਣੀ ਮਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੂੰ ਪ੍ਰਵਾਨਗੀ ਮਿਲ ਗਈ। ਇਸ ਗੱਲ ਦਾ ਪਤਾ ਜਦੋਂ ਅਮਰ ਨੂੰ ਲੱਗਿਆ ਤਾਂ ਉਸ ਨੇ ਵੀ ਮਾਂ ਨੂੰ ਨਾਨਕੇ ਜਾਣ ਲਈ ਪੁੱਛਿਆ।
‘‘ਮੰਮੀ, ਮੈਂ ਵੀ ਨਾਨਕੇ ਜਾਣੈ।’’
‘‘ਚਲਾ ਜਾਵੀਂ ਪਰ ਇੱਕ ਸ਼ਰਤ ’ਤੇ।’’
‘‘ਕਿਹੜੀ ਸ਼ਰਤ ਮੰਮੀ?’’
‘‘ਰੋਜ਼ ਜਲਦੀ ਉੱਠ ਕੇ ਇਨ੍ਹਾਂ ਵਾਂਗ ਕੰਮ ਕਰਨਾ ਤੇ ਫਿਰ ਸਕੂਲ ਦਾ ਕੰਮ ਕਰਨਾ।’’ ਪਹਿਲਾਂ ਤਾਂ ਅਮਰ ਚੁੱਪ ਕਰ ਗਿਆ, ਫਿਰ ਕਹਿਣ ਲੱਗਾ, ‘‘ਇਹ ਤਾਂ ਆਪਣਾ ਕੰਮ ਕਰੀਂ ਬੈਠੇ ਨੇ।’’
‘‘ਤੂੰ ਹੁਣ ਕੰਮ ਕਰ ਲੈ। ਜਦੋਂ ਤੇਰਾ ਕੰਮ ਪੂਰਾ ਹੋ ਗਿਆ, ਉਦੋਂ ਚਲੇ ਜਾਣਾ। ਦੱਸ ਤੂੰ ਕਿਨੇ ਦਿਨਾਂ ਵਿੱਚ ਕੰਮ ਖ਼ਤਮ ਕਰ ਲਏਗਾਂ?’’
ਅਮਰ ਚੁੱਪ ਕਰ ਗਿਆ।
‘‘ਤੈਨੂੰ ਇੱਕ ਹਫ਼ਤਾ ਦਿੱਤਾ, ਜੇ ਤੂੰ ਨਾ ਕੀਤਾ ਤਾਂ ਤੈਨੂੰ ਨਾਨਕੇ ਨਹੀਂ ਜਾਣ ਦਿੱਤਾ ਜਾਵੇਗਾ।’’
ਇੱਕ ਦਿਨ, ਦੋ ਦਿਨ, ਤੀਜਾ ਦਿਨ। ਨਾ ਤਾਂ ਅਮਰ ਸਮੇਂ ਸਿਰ ਸੁੱਤਾ ਉੱਠਿਆ ਤੇ ਨਾ ਹੀ ਆਪਣਾ ਸਕੂਲ ਦਾ ਕੰਮ ਕੀਤਾ। ਇਸ ਤਰ੍ਹਾਂ ਕਰਦੇ ਚਾਰ ਦਿਨ ਬੀਤ ਗਏ।
‘‘ਚਾਰ ਦਿਨ ਬੀਤ ਗਏ ਅਮਰ। ਤੂੰ ਕੰਮ ਨਹੀਂ ਕੀਤਾ।’’ ਸ਼ੀਲਾ ਨੇ ਕਿਹਾ।
‘‘ਅਜੇ ਤਾਂ ਤਿੰਨ ਦਿਨ ਪਏ ਨੇ।’’
ਅਮਰ ’ਤੇ ਕੋਈ ਅਸਰ ਨਾ ਹੋਇਆ। ‘‘ਤੂੰ ਹੁਣ ਤਕ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ। ਹੁਣ ਇਹ ਬੱਚੇ ਤੇਰੇ ਪਿਤਾ ਜੀ ਨਾਲ ਕੱਲ੍ਹ ਨੂੰ ਚਲੇ ਜਾਣਗੇ।’’ ਅਮਰ ਦੀ ਮੰਮੀ ਨੇ ਕਿਹਾ।
ਅਗਲੇ ਦਿਨ ਅਮਰ ਦੀ ਮੰਮੀ ਨੇ ਉਸ ਦੇ ਪਿਤਾ ਨੂੰ ਕਿਹਾ, ‘‘ਤੁਸੀਂ ਨਰੇਸ਼ ਤੇ ਸ਼ੀਲਾ ਨੂੰ ਉਨ੍ਹਾਂ ਦੇ ਨਾਨਕੇ ਛੱਡ ਆਓ।’’
ਸ਼ੀਲਾ ਤੇ ਨਰੇਸ਼ ਆਪਣੇ ਪਿਤਾ ਜੀ ਨਾਲ ਨਾਨਕੇ ਜਾਣ ਲੱਗੇ ਤਾਂ ਅਮਰ ਉਨ੍ਹਾਂ ਵੱਲ ਲਲਚਾਈਆਂ ਅੱਖਾਂ ਨਾਲ ਦੇਖ ਰਿਹਾ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਅਮਰ ਦੀ ਮਾਂ ਨੇ ਉਸ ਨੂੰ ਇੱਕ ਵਾਰ ਫਿਰ ਸਮਝਾਉਂਦਿਆਂ ਕਿਹਾ, ‘‘ਅਮਰ ਤੂੰ ਆਲਸ ਛੱਡ ਦੇ। ਆਲਸੀ ਆਦਮੀ ਜੀਵਨ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਉਸ ਦੀ ਮਾਂ ਨੂੰ ਉਸ ’ਤੇ ਬਹੁਤ ਗੁੱਸਾ ਆਇਆ। ਉਸ ਨੇ ਅਮਰ ਨੂੰ ਸਬਕ ਸਿਖਾਉਣ ਲਈ ਪੱਕੀ ਧਾਰ ਲਈ। ਉਸ ਨੇ ਘਰ ਦੇ ਕੰਮ ਜਲਦੀ ਮੁਕਾ ਲਏ ਤੇ ਅਮਰ ਦੀ ਰੋਟੀ ਥਾਲੀ ਵਿੱਚ ਪਾ ਕੇ ਬਰਾਂਡੇ ਵਿੱਚ ਪਏ ਮੇਜ਼ ’ਤੇ ਰੱਖਦਿਆਂ ਕਿਹਾ, ‘‘ਅਮਰ ਤੇਰੀ ਰੋਟੀ ਮੇਜ਼ ’ਤੇ ਪਈ ਹੈ। ਉੱਠ ਕੇ ਖਾ ਲੈ। ਮੈਂ ਕਿਸੇ ਦੇ ਘਰ ਕੰਮ ਚੱਲੀ ਹਾਂ।’’
ਇਹ ਕਹਿ ਕੇ ਉਹ ਰਸੋਈ ਬੰਦ ਕਰਕੇ ਚਲੀ ਗਈ। ਮਾਂ ਦੇ ਜਾਣ ਪਿੱਛੋਂ ਅਮਰ ਨੇ ਰੋਟੀ ਨਾ ਚੁੱਕੀ। ਬਾਹਰਲਾ ਬੂਹਾ ਖੁੱਲ੍ਹਾ ਸੀ। ਇੰਨੇ ਨੂੰ ਇੱਕ ਕੁੱਤਾ ਵਰਾਂਡੇ ਵਿੱਚ ਆ ਗਿਆ। ਉਸ ਨੇ ਪੰਜਿਆਂ ਨਾਲ ਰੋਟੀ ਵਾਲੀ ਪਲੇਟ ਲਾਹ ਕੇ ਹੇਠਾਂ ਸੁੱਟ ਦਿੱਤੀ ਤੇ ਰੋਟੀ ਖਾਣ ਲੱਗਾ। ਅਮਰ ਨੇ ਸਭ ਕੁਝ ਦੇਖ ਲਿਆ, ਪਰ ਉਹ ਕੁਝ ਨਹੀਂ ਕਰ ਸਕਿਆ। ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਹ ਆਪਣੇ ਮੰਜੇ ਤੋਂ ਉੱਠਿਆ ਤੇ ਰਸੋਈ ਖੋਲ੍ਹ ਕੇ ਰੋਟੀ ਦੇਖਣ ਲੱਗਾ। ਉਸ ਨੂੰ ਹੋਰ ਰੋਟੀ ਨਾ ਮਿਲੀ। ਉਹ ਆਂਢ-ਗੁਆਂਢ ਵਿੱਚ ਆਪਣੀ ਮਾਂ ਬਾਰੇ ਪਤਾ ਕਰਨ ਲੱਗਾ, ਪਰ ਮਾਂ ਕਿਸੇ ਦੇ ਘਰ ਵੀ ਨਹੀਂ ਸੀ। ਉਸ ਨੂੰ ਆਪਣੀ ਮਾਂ ਉੱਤੇ ਬਹੁਤ ਗੁੱਸਾ ਆਇਆ। ਉਹ ਮਨ ਹੀ ਮਨ ਆਪਣੇ ਆਲਸੀਪੁਣੇ ਨੂੰ ਕੋਸਣ ਲੱਗਾ। ਅਮਰ ਨੂੰ ਸਮਝ ਆ ਗਈ ਕਿ ਆਲਸ ਬੁਰਾ ਹੁੰਦਾ ਹੈ। ਹਿੰਮਤ ਕਰਕੇ ਉਸ ਨੇ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ। ਆਟਾ ਗੁੰਨ੍ਹ ਕੇ ਉਹ ਰੋਟੀ ਪਕਾਉਣ ਲੱਗਾ। ਰੋਟੀ ਬਣਾ ਕੇ ਉਸ ਨੇ ਆਚਾਰ ਨਾਲ ਖਾ ਲਈ ਤੇ ਜੂਠੇ-ਭਾਂਡੇ ਮਾਂਜਣੇ ਸ਼ੁਰੂ ਕਰ ਦਿੱਤੇ। ਇੰਨੇ ਵਿੱਚ ਹੀ ਉਸ ਦੀ ਮਾਂ ਆ ਗਈ। ਉਹ ਅਮਰ ਨੂੰ ਕੰਮ ਕਰਦਿਆਂ ਦੇਖ ਕੇ ਬਹੁਤ ਖ਼ੁਸ਼ ਹੋਈ। ਅਮਰ ਨੂੰ ਵੀ ਕੰਮ ਕਰਕੇ ਖ਼ੁਸ਼ੀ ਹੋਈ। ਉਸ ਨੇ ਆਪਣੀ ਮਾਂ  ਨੂੰ ਸਿਰਫ਼ ਇੰਨਾ ਹੀ ਪੁੱਛਿਆ, ‘‘ਮੰਮੀ ਤੂੰ ਕਿੱਥੇ ਗਈ ਸੀ?’’
ਅਗਲੇ ਦਿਨ ਅਮਰ ਆਪਣੀ ਮਾਂ ਨਾਲ ਜਲਦੀ ਉੱਠ ਕੇ ਕੰਮ ਕਰਵਾਉਣ ਲੱਗਾ। ਨਹਾ-ਧੋ ਕੇ ਉਹ ਸਕੂਲ ਦਾ ਕੰਮ ਵੀ ਕਰਨ ਲੱਗਾ। ਉਸ ਨੇ ਸਖ਼ਤ ਮਿਹਨਤ ਕਰਕੇ ਤਿੰਨ-ਚਾਰ ਦਿਨਾਂ ਵਿੱਚ ਹੀ ਆਪਣਾ ਕੰਮ ਮੁਕਾ ਲਿਆ। ਉਸ ਦੀ ਮਿਹਨਤ ਦੇਖ ਕੇ ਉਸ ਦੀ ਮਾਂ ਬਹੁਤ ਖ਼ੁਸ਼ ਹੋਈ। ਅਮਰ ਦੇ ਪਿਤਾ ਨੂੰ ਜਦ ਅਮਰ ਦੀਆਂ ਚੰਗੀਆਂ ਆਦਤਾਂ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਖ਼ੁਸ਼ ਹੋਏ। ਅਗਲੇ ਦਿਨ ਅਮਰ ਆਪਣੀ ਮਾਂ ਨਾਲ ਨਾਨਕੇ ਚਲਾ ਗਿਆ। ਂ

Comments