Close
Menu

ਫ਼ਲਸਤੀਨੀ ਰਾਸ਼ਟਰਪਤੀ ਵੱਲੋਂ ਅਮਰੀਕਾ ਨੂੰ ਚਿਤਾਵਨੀ

ਰਾਮੱਲਾ, 5 ਦਸੰਬਰ
ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵ੍ਹਾਈਟ ਹਾਊਸ ਵੱਲੋਂ ਮੱਧ-ਪੂਰਬ ’ਚ ਸ਼ੁਰੂ ਕੀਤੀ ਗਈ ਸ਼ਾਂਤੀ ਦੀ ਪ੍ਰਕਿਰਿਆ ਨੂੰ ਢਾਹ ਲੱਗ ਸਕਦੀ ਹੈ।
ਅੱਬਾਸ ਦਾ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਫਲਸਤੀਨੀ ਆਗੂ ਵੱਲੋਂ ਇਸ ਹਫ਼ਤੇ ਅਮਰੀਕੀ ਪਹਿਲਕਦਮੀ ਤੋਂ ਪਹਿਲਾਂ ਕੌਮਾਂਤਰੀ ਹਮਾਇਤ ਲਈ ਕੂਟਨੀਤਕ ਰਣਨੀਤੀ ਨੂੰ ਅਪਣਾਇਆ ਜਾ ਰਿਹਾ ਹੈ। ਅੱਬਾਸ ਨੇ ਇਜ਼ਰਾਈਲ ਤੋਂ ਆਏ ਅਰਬ ਕਾਨੂੰਨਘਾੜਿਆਂ ਦੇ ਗਰੁੱਪ ਨੂੰ ਦੱਸਿਆ ਕਿ ਅਮਰੀਕਾ ਵੱਲੋਂ ਯੋਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣਾ ਜਾਂ ਅਮਰੀਕੀ ਸਫ਼ਾਰਤਖ਼ਾਨਾ ਯੋਰੋਸ਼ਲਮ ’ਚ ਤਬਦੀਲ ਕਰਨ ਨਾਲ ਸ਼ਾਂਤੀ ਪ੍ਰਕਿਰਿਆ ’ਤੇ ਖਤਰਾ ਖੜ੍ਹਾ ਹੋ ਸਕਦਾ ਹੈ। ਅਮਰੀਕਾ ਦਾ ਇਹ ਫ਼ੈਸਲਾ ਫਲਸਤੀਨੀਆਂ, ਅਰਬ ਅਤੇ ਕੌਮਾਂਤਰੀ ਭਾਈਚਾਰੇ ਨੂੰ ਮਨਜ਼ੂਰ ਨਹੀਂ ਹੋਵੇਗਾ। ਇਜ਼ਰਾਈਲ ਵੱਲੋਂ ਯੋਰੋਸ਼ਲਮ ਨੂੰ ਆਪਣੀ ਰਾਜਧਾਨੀ ਕਰਾਰ ਦਿੱਤਾ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ, ਸੁਪਰੀਮ ਕੋਰਟ ਅਤੇ ਸੰਸਦ ਸਮੇਤ ਜ਼ਿਆਦਾਤਰ ਸਰਕਾਰੀ ਸਮਾਗਮ ਇਸ ਪਵਿੱਤਰ ਸ਼ਹਿਰ ’ਚ ਹੁੰਦੇ ਹਨ। ਉਂਜ ਕੌਮਾਂਤਰੀ ਭਾਈਚਾਰੇ ਦਾ ਮੰਨਣਾ ਹੈ ਕਿ ਸ਼ਹਿਰ ਦਾ ਦਰਜਾ ਸ਼ਾਂਤੀ ਪ੍ਰਕਿਰਿਆ ਦੀ ਹੋ ਰਹੀ ਗੱਲਬਾਤ ਰਾਹੀਂ ਤੈਅ ਹੋਣਾ ਚਾਹੀਦਾ ਹੈ। ਇਜ਼ਰਾਈਲ ਵੱਲੋਂ 1967 ’ਚ ਕਬਜ਼ਾਏ ਗਏ ਪੂਰਬੀ ਯੋਰੋਸ਼ਲਮ ’ਤੇ ਫਲਸਤੀਨੀ ਆਪਣੀ ਰਾਜਧਾਨੀ ਹੋਣ ਦਾ ਦਾਅਵਾ ਕਰਦੇ ਹਨ।

Comments