Close
Menu

ਪਦਮਾਵਤੀ ਵਿਵਾਦ: ਫਿਲਮਕਾਰਾਂ ਨੇ ਰਿਲੀਜ਼ ਦੀ ਤਰੀਕ ਟਾਲੀ

* ਰਾਜਪੂਤ ਧੜਿਆਂ ਵੱਲੋਂ ਕੀਤਾ ਜਾ ਰਿਹੈ ਵਿਰੋਧ

* ਪਹਿਲੀ ਦਸੰਬਰ ਨੂੰ ਰਿਲੀਜ਼ ਹੋਣੀ ਸੀ ਫਿਲਮ

ਮੁੰਬਈ, 20 ਨਵੰਬਰ
ਸੰਜੇ ਲੀਲਾ ਭੰਸਾਲੀ ਦੀ ਵਿਵਾਦਾਂ ’ਚ ਘਿਰੀ ਫਿਲਮ ਪਦਮਾਵਤੀ ਨੂੰ ਰਿਲੀਜ਼ ਕਰਨ ਦੀ ਤਜਵੀਜ਼ਤ ਤਰੀਕ ਫਿਲਮ ਦੇ ਨਿਰਮਾਤਾਵਾਂ ਨੇ ਫਿਲਹਾਲ ਟਾਲ ਦਿੱਤੀ ਹੈ। ਵਾਇਆਕੌਮ18 ਮੋਸ਼ਨ ਪਿਕਚਰਜ਼ ਦੇ ਬੁਲਾਰੇ ਨੇ ਦੱਸਿਆ ਕਿ ਪਦਮਾਵਤੀ ਫਿਲਮ ਨੂੰ ਪਹਿਲੀ ਦਸੰਬਰ 2017 ਨੂੰ ਰਿਲੀਜ਼ ਕਰਨ ਦਾ ਤਾਰੀਕ ਅੱਗੇ ਪਾਉਣ ਦਾ ਫ਼ੈਸਲਾ ਆਪਣੀ ਮਰਜ਼ੀ ਨਾਲ ਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਉਹ ਦੇਸ਼ ਦੇ ਕਾਨੂੰਨ ਤੇ ਫਿਲਮ ਸਰਟੀਫਿਕੇਟ ਬਾਰੇ ਕੇਂਦਰੀ ਬੋਰਡ (ਸੀਬੀਐਫਸੀ) ਵਰਗੀਆਂ ਸੰਸਥਾਵਾਂ ਸਨਮਾਨ ਕਰਦੇ ਹਨ ਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਉਹ ਮੁਕੰਮਲ ਪ੍ਰਕਿਰਿਆ ਦਾ ਪਾਲਣ ਕਰਨ ਲਈ ਪ੍ਰਤੀਬੱਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਨੂੰ ਜਲਦ ਹੀ ਫਿਲਮ ਰਿਲੀਜ਼ ਕਰਨ ਦੀ ਪ੍ਰਵਾਨਗੀ ਮਿਲੇਗੀ। ਸੈਂਸਰ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਨੇ ਬੀਤੇ ਦਿਨ ਫਿਲਮਸਾਜ਼ਾਂ ਵੱਲੋਂ ਬੋਰਡ ਤੋਂ ਪ੍ਰਮਾਣ ਪੱਤਰ ਲਏ ਬਿਨਾਂ ਮੀਡੀਆ ਚੈਨਲਾਂ ਲਈ ਫਿਲਮ ਦੀ ਸਕਰੀਨਿੰਗ ਰੱਖਣ ’ਤੇ ਇਤਰਾਜ਼ ਜ਼ਾਹਰ ਕੀਤਾ ਸੀ। ਸੀਬੀਐਫਸੀ ਨੇ ਸਰਟੀਫਿਕੇਟ ਲਈ ਅਰਜ਼ੀ ਅਧੂਰੀ ਹੋਣ ਕਾਰਨ ਫਿਲਮ ਨਿਰਮਾਤਾਵਾਂ ਨੂੰ ਵਾਪਸ ਭੇਜ ਦਿੱਤੀ ਸੀ।
ਸਟੂਡੀਓ ਨੇ ਕਿਹਾ ਕਿ ਉਹ ਫਿਲਮ ਰਿਲੀਜ਼ ਕਰਨ ਦੀ ਨਵੀਂ ਤਾਰੀਕ ਦਾ ਐਲਾਨ ਜਲਦ ਹੀ ਕਰਨਗੇ ਤੇ ਉਹ ਅਤੀਤ ਵਿੱਚ ਪੇਸ਼ ਕੀਤੀਆਂ ਫਿਲਮਾਂ ਟਾਇਲੇਟ: ਏਕ ਪ੍ਰੇਮ ਕਥਾ, ਕੁਈਨ, ਭਾਗ ਮਿਲਖਾ ਭਾਗ ਆਦਿ ਦੀ ਤਰ੍ਹਾਂ ਚੰਗੀਆਂ ਫਿਲਮਾਂ ਦੀ ਪੇਸ਼ਕਾਰੀ ਲਈ ਪ੍ਰਤੀਬੱਧ ਹਨ। ਫਿਲਮਕਾਰਾਂ ਨੇ ਕਿਹਾ ਕਿ ਇਹ ਫਿਲਮ ਰਾਜਪੂਤੀ ਸ਼ਾਨ, ਅਣਖ ਤੇ ਰਵਾਇਤਾਂ ਦੀ ਸ਼ਾਨਦਾਰ ਪੇਸ਼ਕਾਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਦੋਂ ਤੋਂ ਭੰਸਾਲੀ ਨੇ ਪਦਮਾਵਤੀ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ, ਉਸ ਸਮੇਂ ਤੋਂ ਹੀ ਇਹ ਫਿਲਮ ਵਿਵਾਦਾਂ ਵਿੱਚ ਘਿਰੀ ਹੋਈ ਹੈ। ਜੈਪੁਰ ਵਿੱਚ ਰਾਜਪੂਤ ਕਰਨੀ ਸੈਨਾ ਦੇ ਧੜੇ ਵੱਲੋਂ ਫਿਲਮ ਦੇ ਨਿਰਦੇਸ਼ਕ ਨਾਲ ਝੜਪ ਵੀ ਕੀਤੀ ਗਈ ਸੀ।  ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਉਹ ਸੂਬੇ ਵਿੱਚ ਬੌਲੀਵੁੱਡ ਫਿਲਮ ਪਦਮਾਵਤੀ ਨੂੰ ਤਦ ਤੱਕ ਰਿਲੀਜ਼ ਨਹੀਂ ਹੋਣ ਦੇਣਗੇ ਜਦੋਂ ਤੱਕ ਫਿਲਮ ਵਿੱਚੋਂ ਵਿਵਾਦਤ ਹਿੱਸਾ ਹਟਾ ਨਹੀਂ ਦਿੱਤਾ ਜਾਂਦਾ।

Comments