Close
Menu

ਪਤਨੀ ਤੇ ਮਾਂ ਨਾਲ ਜਾਧਵ ਦੀ ਮੁਲਾਕਾਤ ਅੱਜ

ਇਸਲਾਮਾਬਾਦ, 25 ਦਸੰਬਰ
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਦੀ ਪਤਨੀ ਅਤੇ ਮਾਂ ਉਸ ਨਾਲ ਮੁਲਾਕਾਤ ਲਈ ਭਲਕੇ ਇਥੇ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਉਹ ਕਮਰਸ਼ੀਅਲ ਫਲਾਈਟ ਵਿੱਚ ਇਸਲਾਮਾਬਾਦ ਆਉਣਗੀਆਂ ਅਤੇ ਮੁਲਾਕਾਤ ਬਾਅਦ ਨਾਲ ਦੀ ਨਾਲ ਵਾਪਸ ਜਾਣਗੀਆਂ। ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇਪੀ ਸਿੰਘ ਇਸ ਮੁਲਾਕਾਤ ਦੌਰਾਨ ਮੌਜੂਦ ਰਹਿਣਗੇ।
ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫੈਸਲ ਨੇ ਕੱਲ੍ਹ ਰਾਤ ਟਵੀਟ ਕੀਤਾ, ‘ਭਾਰਤ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਕਮਾਂਡਰ ਜਾਧਵ ਦੀ ਪਤਨੀ ਤੇ ਮਾਂ 25 ਦਸੰਬਰ ਨੂੰ ਇਥੇ ਪਹੁੰਚਣਗੀਆਂ ਅਤੇ ਉਸੇ ਦਿਨ ਵਾਪਸ ਜਾਣਗੀਆਂ।’ ਉਨ੍ਹਾਂ ਦੱਸਿਆ ਕਿ ਇਹ ਮੁਲਾਕਾਤ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਦਫ਼ਤਰ ਵਿੱਚ ਹੋਵੇਗੀ ਅਤੇ ਇਸ ਦੀ ਤਸਵੀਰ ਤੇ ਵੀਡੀਓ ਫੁਟੇਜ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਾਧਵ ਦੀ ਮਾਂ ਤੇ ਪਤਨੀ ਨਾਲ ਮੁਲਾਕਾਤ ‘ਇਸਲਾਮਿਕ ਰਵਾਇਤ ਅਤੇ ਮਾਨਵੀ ਆਧਾਰ ਉਤੇ’ ਕਰਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਜਾਧਵ (47) ਨੂੰ ਪਾਕਿਸਤਾਨੀ ਫ਼ੌਜੀ ਅਦਾਲਤ ਨੇ ਅਪਰੈਲ ਵਿੱਚ ਜਾਸੂਸੀ ਤੇ ਅਤਿਵਾਦ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਸੀ। ਇਸ ਫ਼ੈਸਲੇ ਖ਼ਿਲਾਫ਼ ਮਈ ਵਿੱਚ ਭਾਰਤ ਨੇ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਵਿੱਚ ਪਹੁੰਚ ਕੀਤੀ ਸੀ। ਭਾਰਤ ਦੀ ਅਪੀਲ ਉਤੇ ਆਈਸੀਜੇ ਨੇ ਸਜ਼ਾ ਦੇ ਅਮਲ ਉਤੇ ਰੋਕ ਲਗਾ ਦਿੱਤੀ ਸੀ ਪਰ ਇਸ ਬਾਰੇ ਅਜੇ ਅੰਤਿਮ ਫ਼ੈਸਲਾ ਨਹੀਂ ਸੁਣਾਇਆ ਗਿਆ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਇਰਾਨ ਤੋਂ ਆਏ ਜਾਧਵ ਉਰਫ਼ ਹੁਸੈਨ ਮੁਬਾਰਕ ਪਟੇਲ ਨੂੰ ਉਸ ਦੇ ਸੁਰੱਖਿਆ ਬਲਾਂ ਨੇ ਪਿਛਲੇ ਸਾਲ 3 ਮਾਰਚ ਨੂੰ ਗੜਬੜਗ੍ਰਸਤ ਬਲੋਚਿਸਤਾਨ ਸੂਬੇ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ ਜਦੋਂਕਿ ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਇਰਾਨ ’ਚੋਂ ਅਗਵਾ ਕਰ ਕੇ ਲਿਆਂਦਾ ਗਿਆ ਹੈ।

Comments