Close
Menu

ਨੌਜਵਾਨ ਤੇ ਫੈਸ਼ਨਪ੍ਰਸਤੀ

ਪੰਜਾਬ ਵਿੱਚ ਵਿਆਹਾਂ ’ਤੇ ਫ਼ਜ਼ੂਲ-ਖ਼ਰਚੀ ਅਤੇ ਦਿਖਾਵੇਬਾਜ਼ੀ ਦੀ ਮਾੜੀ ਪ੍ਰਵਿਰਤੀ ਦਾ ਜ਼ੋਰ ਹੈ। ਇਸ ਤੋਂ ਇਲਾਵਾ ਵਿਆਹਾਂ ਵਿੱਚ ਕੀਤੇ ਜਾਂਦੇ ਫਾਇਰ ਅਤਿਅੰਤ ਮਾੜਾ ਵਰਤਾਰਾ ਹੈ। ਦਸੰਬਰ ਵਿੱਚ ਮੌੜ (ਬਠਿੰਡਾ) ਦੇ ਇੱਕ ਪੈਲੇਸ ਵਿੱਚ ਵਾਪਰਿਆ ਗੋਲੀ ਕਾਂਡ ਅਜਿਹੀ ਉਦਾਹਰਣ ਹੈ। ਅਸੀ ਮਾੜੇ ਸਿਸਟਮ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰੰਮੇਵਾਰ ਠਹਿਰਾਉਂਦੇ ਹਾਂ ਪਰ ਵੱਡੀ ਲੋੜ ਹੈ ਆਪਣੇ ਅੰਦਰ ਝਾਤ ਮਾਰਨ ਦੀ।

ਪੰਜਾਬ ਦੀ ਨੌਜਵਾਨੀ ਦਾ ਕੁਰਾਹੇ ਪੈਣਾ ਵੀ ਅੱਜ ਦਾ ਵੱਡਾ ਮਸਲਾ ਹੈ। ਬੱਚਿਆਂ ਨੂੰ ਸਹੀ ਰਾਹੇ ਪਾਉਣਾ ਮਾਪਿਆਂ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਪਰ ਕਈ ਵਾਰ ਮਾਪੇ ਬੱਚਿਆਂ ਨੂੰ ਹੱਦੋਂ ਵੱੱਧ ਖੁੱਲ੍ਹ ਦੇ ਦਿੰਦੇ ਹਨ। ਇਸ ਕਰਕੇ ਨੌਜਵਾਨ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਅਤੇ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਪਰ ਅੱਜ ਨੌਜਵਾਨ ਨੈਤਿਕ ਕਦਰਾਂ-ਕੀਮਤਾਂ ਗਵਾ ਰਹੇ ਹਨ। ਨੌਜਵਾਨਾਂ ਵਿੱਚ ਦਿਖਾਵੇਬਾਜ਼ੀ ਤੇ ਫੈਸ਼ਨਪ੍ਰਸਤੀ ਵਧ ਗਈ ਹੈ। ਨੌਜਵਾਨਾਂ ਵਿੱਚ ਸਹਿਣਸ਼ੀਲਤਾ ਘਟ ਗਈ ਹੈ। ਇਸੇ ਕਾਰਨ ਵਿਆਹ-ਸਮਾਗਮਾਂ ਜਾਂ ਹੋਰ ਇਕੱਠਾਂ ਵਿੱਚ ਲੜਾਈ ਝਗੜੇ ਹੁੰਦੇ ਹਨ। ਵਿਆਹਾਂ ਵਿੱਚ ਹਥਿਆਰ ਲਿਜਾਣ ਤੋਂ ਗੁਰੇਜ਼ ਵੀ ਨਹੀਂ ਕੀਤਾ ਜਾਂਦਾ। ਪੰਜਾਬੀਆਂ ਖ਼ਾਸ ਕਰਕੇ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਪਏਗੀ ਕਿ ਸਿਰਫ਼ ਨਸ਼ੇ ਹੀ ਬੁਰੀ ਚੀਜ਼ ਨਹੀਂ ਹਨ ਸਗੋਂ ਦਿਖਾਵਾ ਵੀ ਬੁਰੀ ਚੀਜ਼ ਹੈ। ਕਈ ਨੌਜਵਾਨਾਂ ਦੇਖੋ-ਦੇਖੀ ਵਿੱਚ ਹੀ ਨਸ਼ੇ ਕਰਨ ਲੱਗ ਜਾਂਦੇ ਹਨ। ਇਸ ਲਈ ਮਾਪਿਆਂ ਨੂੰ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਬਹਾਲ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਵੀ ਦਿਖਾਵੇਬਾਜ਼ੀ ਛੱਡ ਕੇ ਆਪਣੇ ਫਰਜ਼ ਪਛਾਣਨ ਦੀ ਲੋੜ ਹੈ। ਦੂਜਿਆਂ ਵਿੱਚ ਨੁਕਸ ਕੱਢਣੇ ਛੱਡ ਕੇ ਸਵੈ-ਪੜਚੋਲ ਜ਼ਰੂਰੀ ਹੈ। ਵਿਆਹਾਂ-ਸ਼ਾਦੀਆਂ ਵਿੱਚ ਫ਼ਜ਼ੂਲ-ਖਰਚੀ ਤੋਂ ਬਚਣ ਦੀ ਲੋੜ ਹੈ। ਇਸ ਦੇ ਨਾਲ ਹੀ ਜਵਾਨੀ ਨੂੰ ਹਥਿਆਰਾਂ ਦੇ ਮੋਹ ਤੇ ਝੱਸ ਤੋਂ ਪਰ੍ਹੇ ਰੱਖਣਾ ਜ਼ਰਰੂੀ ਹੈ ਤਾਂ ਜੋ ਪੰਜਾਬ ਦਾ ਭਵਿੱਖ ਡਾਵਾਂਡੋਲ ਨਾ ਹੋਵੇ।

ਦਮਨਜੀਤ ਕੌਰ

Comments