Close
Menu

ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ

ਅੱਜ ਦੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਨੌਜਵਾਨਾਂ ਕੋਲ ਡਿਗਰੀਆਂ ਹੋਣ ਦੇ ਬਾਵਜੂਦ ਨੌਕਰੀ ਲਈ ਭਟਕਣਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਜ਼ਰੂਰੀ ਹੈ ਕਿ ਨੌਜਵਾਨ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਉੱਦਮ ਕਰਕੇ ਸਵੈ-ਰੁਜ਼ਗਾਰ ਪੈਦਾ ਕਰਨ। ਸਵੈ-ਰੁਜ਼ਗਾਰ ਪੈਦਾ ਕਰਨ ਦੇ ਉਪਰਾਲੇ ਨੂੰ ਐਂਟਰਪ੍ਰੀਨਿਓਰਸ਼ਿਪ (entrepre- neurship) ਕਿਹਾ ਜਾਂਦਾ ਹੈ ਅਤੇ ਕੰਮ ਕਰਨ ਵਾਲੇ ਨੂੰ ਐਂਟਰਪ੍ਰੀਨਿਓਰ (entrepreneur) ਅਰਥਾਤ ਉੱਦਮੀ ਕਿਹਾ ਜਾਂਦਾ ਹੈ। ਉੱਦਮੀ ਵਿਅਕਤੀ ਹੌਸਲੇ ਨਾਲ ਕੋਈ ਨਵਾਂ ਕੰਮ/ਕਾਰੋਬਾਰ ਸ਼ੁਰੂ ਕਰਦਾ ਹੈ, ਜਿਸ ਬਦੌਲਤ ਉਹ ਆਪਣੇ ਪੈਰਾਂ ’ਤੇ ਖੜ੍ਹਾ ਹੁੰਦਾ ਹੈ ਤੇ ਸਮਾਜ ਦੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ।
ਉੱਦਮੀ ਲਈ ਨਵਾਂ ਕੰਮ ਸ਼ੁਰੂ ਕਰਨਾ ਸੌਖਾ ਨਹੀਂ ਹੁੰਦਾ। ਉਸ ਨੇ ਸੂਝ-ਬੂਝ ਨਾਲ ਕਿਸੇ ਕੰਮ ਦੀ ਭਾਲ ਕਰਨੀ ਹੁੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਲੋੜ ਹੈ ਕਿ ਉੱਦਮੀ ਮਨੁੱਖ ਆਪਣੇ ਗੁਣਾਂ ਤੇ ਯੋਗਤਾ ਦੀ ਘੋਖ ਕਰੇ ਅਤੇ ਉਸ ਮੁਤਾਬਕ ਕੋਈ ਕੰਮ ਕਰਨ ਬਾਰੇ ਸੋਚੇ। ਉਸ ਕੰਮ ਬਾਰੇ ਸਿਖਲਾਈ ਹਾਸਲ ਕਰੇ ਅਤੇ ਡਟ ਕੇ ਮਿਹਨਤ ਕਰੇ। ਬਹੁਤ ਸਾਰੇ ਕਾਰੋਬਾਰਾਂ ਵਿੱਚ ਮਸ਼ੀਨਰੀ, ਪੈਸੇ ਤੇ ਕੰਮ ਕਰਨ ਵਾਲੇ ਬੰਦਿਆਂ (ਕਾਰੀਗਰਾਂ) ਦੀ ਲੋੜ ਹੁੰਦੀ ਹੈ। ਇਸ ਸਭ ਲਈ ਜਾਣਕਾਰੀ ਹਾਸਲ ਕਰਨੀ ਜ਼ਰੂਰੀ ਹੁੰਦੀ ਹੈ। ਜਦੋਂ ਅਸੀਂ ਕੋਈ ਕਾਰੋਬਾਰ/ਦੁਕਾਨ ਸ਼ੁਰੂ ਕਰਦੇ ਹਾਂ ਤਾਂ ਆਮਦਨ ਇਕਦਮ ਸ਼ੁਰੂ ਨਹੀਂ ਹੁੰਦੀ। ਇਸ ਬਾਰੇ ਕਹਾਵਤ ਹੈ ਕਿ ਪਹਿਲੇ ਸਾਲ ਹੱਟੀ, ਦੂਜੇ ਸਾਲ ਚੱਟੀ, ਤੀਜੇ ਸਾਲ ਖੱਟੀ। ਇਸ ਲਈ ਉੱਦਮੀ ਨੂੰ ਕਾਹਲੇ ਨਹੀਂ ਪੈਣਾ ਚਾਹੀਦਾ, ਬਲਕਿ ਡਟ ਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਹਰ ਕੋਈ ਉੱਦਮੀ ਨਹੀਂ ਬਣ ਸਕਦਾ। ਉੱਦਮੀਆਂ ਵਿੱਚ ਖ਼ਾਸ ਗੁਣ ਇਹ ਹਨ:
* ਕੰਮ ਕਰਨ ਦੀ ਤੀਬਰ ਇੱਛਾ ਹੁੰਦੀ ਹੈ।
* ਨਵੇਂ ਢੰਗ/ਤਰੀਕੇ ਲੱਭਣ ਦੀ ਨਿਪੁੰਨਤਾ ਹੁੰਦੀ ਹੈ।
* ਜ਼ਿੰਦਗੀ ਵਿੱਚ ਕੋਈ ਮੁਕਾਮ ਪਾਉਣ ਦੀ ਤਾਂਘ ਹੁੰਦੀ ਹੈ।
* ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਉਹ ਅੰਤ ਵਿਚ ਸਫ਼ਲਤਾ ਜ਼ਰੂਰ ਪ੍ਰਾਪਤ ਕਰਨਗੇ।
* ਉਹ ਹਰ ਕੰਮ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਕਰਦੇ ਹਨ।
* ਉਦਮੀ ਕੁਝ ਹੱਦ ਤੱਕ ਖ਼ਤਰੇ ਮੁੱਲ ਲੈਂਦੇ ਹਨ ਅਰਥਾਤ ਨਵੇਂ ਰਸਤੇ ’ਤੇ ਚੱਲਣ ਦੀ ਹਿੰਮਤ ਕਰਦੇ ਹਨ।
* ਉਨ੍ਹਾਂ ਨੂੰ ਸਮੂਹ ਤੋਂ ਕੰਮ ਕਰਵਾਉਣ ਦਾ ਢੰਗ ਆਉਂਦਾ ਹੈ ਅਤੇ ਉਹ ਆਪਣੇ ਕੰਮ ਨੂੰ ਆਪਣੇ ਸਾਥੀਆਂ ਵਿੱਚ ਵੰਡਕੇ ਕਰਦੇ ਹਨ, ਜਿਸ ਨਾਲ ਉਹ ਆਪਣੇ ਸਾਥੀਆਂ ਦੀ ਯੋਗਤਾ ਵਿੱਚ ਵਾਧਾ ਵੀ ਕਰਦੇ ਹਨ।
* ਉਹ ਰੁਪਏ-ਪੈਸੇ ਦੇ ਲਾਲਚੀ ਨਹੀਂ ਹੁੰਦੇ ਸਗੋਂ ਇਸ ’ਤੇ ਪੂਰਾ ਕੰਟਰੋਲ ਰੱਖਦੇ ਹੋਏ ਠੀਕ ਵਰਤੋਂ ਕਰਦੇ ਹਨ।
* ਉਹ ਮਿਲਾਪੜੇ ਹੁੰਦੇ ਹਨ ਅਤੇ ਉਨ੍ਹਾਂ ਦੀ ਮਿੱਤਰਤਾ ਦਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ।
* ਉਨ੍ਹਾਂ ਦੀ ਸੋਚ ਹਾਂ-ਪੱਖੀ ਅਰਥਾਤ ਉਸਾਰੂ ਹੁੰਦੀ ਹੈ ਅਤੇ ਉਹ ਨਿੰਦਿਆ, ਚੁਗਲੀ, ਆਲਸਪੁਣਾ ਤੇ ਘਟੀਆ ਸੋਚਾਂ ਤੋਂ ਮੁਕਤ ਹੁੰਦੇ ਹਨ।
* ਉਨ੍ਹਾਂ ਦਾ ਚਰਿੱਤਰ ਉੱਚਾ ਹੁੰਦਾ ਹੈ। ਉਹ ਇਮਾਨਦਾਰ ਤੇ ਭਰੋਸੇਯੋਗ   ਹੁੰਦੇ ਹਨ।
* ਉਹ ਨਵੇਂ ਗਿਆਨ ਤੇ ਨਵੇਂ ਹੁਨਰਾਂ ਜਾਂ ਤਕਨਾਲੋਜੀ ਨੂੰ ਸਿੱਖਦੇ ਰਹਿੰਦੇ ਹਨ।
* ਉਹ ਸਮੇਂ ਦੀ ਸਹੀਂ ਵਰਤੋਂ ਕਰਦੇ ਹਨ ਅਤੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਹਨ।
* ਉਨ੍ਹਾਂ ਦੀ ਬੋਲੀ ਵਿੱਚ ਲਿਆਕਤ ਹੁੰਦੀ ਹੈ ਅਤੇ ਹਰ ਸਮੇਂ ਸਹਿਜ ਅਵਸਥਾ ਵਿੱਚ ਰਹਿੰਦੇ ਹਨ।
* ਉਹ ਕੰਮ ਕਰਦੇ ਥੱਕਦੇ ਨਹੀਂ, ਕਿਉਂਕਿ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਪੂਰਾ ਆਨੰਦ ਮਿਲਦਾ ਹੈ। ਉਨ੍ਹਾਂ ਵਿੱਚ ਪੂਰਨ ਸਵੈ-ਵਿਸ਼ਵਾਸ ਹੁੰਦਾ ਹੈ।
* ਉਹ ਸਮਾਜ-ਸੇਵਕ ਵੀ ਹੁੰਦੇ ਹਨ   ਅਤੇ ਸਮਾਜ ਵਿੱਚ ਕਈ ਚੰਗੇ ਕੰਮ ਕਰਦੇ ਹਨ।
ਉਪਰ ਦੱਸੇ ਗੁਣ, ਸੂਝ, ਮਿਹਨਤ, ਚੰਗੀ ਸਿੱਖਿਆ, ਚੰਗੇ ਗੁਰੂ/ਅਧਿਆਪਕ ਰਾਹੀਂ ਪੈਦਾ ਕੀਤੇ ਜਾ ਸਕਦੇ ਹਨ। ਇਸ ਕੰਮ ਲਈ ਵਿਅਕਤੀ ਸਿਰੜੀ ਹੋਣਾ ਚਾਹੀਦਾ ਹੈ। ਇਹੋ ਜਿਹੇ ਗੁਣਾਂ ਵਾਲੇ ਮਨੁੱਖ ਉੱਦਮ ਰਾਹੀਂ ਕੋਈ ਨਾ ਕੋਈ ਕੰਮ ਆਪਣੀ ਯੋਗਤਾ ਅਨੁਸਾਰ ਲੱਭ ਹੀ ਲੈਂਦੇ ਹਨ। ਜਿਸ ਰਾਹੀਂ ਉਹ ਸਮਾਜ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਅਤੇ ਚੰਗੀ ਕਮਾਈ ਵੀ ਕਰਦੇ ਹਨ। ਇਸ ਲਈ ਆਓ ਉੱਦਮੀ ਬਣੀਏ ਤੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਸਫ਼ਲਤਾ ਪਾਉਣ ਦਾ ਯਤਨ ਕਰੀਏ।

ਪ੍ਰੋ. ਹਰੀ ਸਿੰਘ ਦੁੱਗਰੀ

Comments