Close
Menu

ਤਿੰਨੇ ਕੇਸ ਇਕੱਠੇ ਕਰਨ ਬਾਰੇ ਸ਼ਰੀਫ ਦੀ ਅਰਜ਼ੀ ਰੱਦ

ਇਸਲਾਮਾਬਾਦ, 5 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਤਿੰਨ ਕੇਸਾਂ ਨੂੰ ਇਕੱਠੇ ਕਰਨ ਬਾਰੇ ਦਾਖ਼ਲ ਕੀਤੀ ਅਰਜ਼ੀ ਅੱਜ ਇਸਲਾਮਾਬਾਦ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਦੋ ਮੈਂਬਰੀ ਬੈਂਚ ਨੇ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਇਸ ਬਾਰੇ ਵਿਸਥਾਰਪੂਰਵਕ ਹੁਕਮ ਬਾਅਦ ’ਚ ਜਾਰੀ ਕੀਤੇ ਜਾਣਗੇ। ਪਨਾਮਾ ਪੇਪਰਜ਼ ਕੇਸ ’ਚ ਸੁਪਰੀਮ ਕੋਰਟ ਦੇ ਹੁਕਮਾਂ ਬਾਅਦ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕੌਮੀ ਜਵਾਬਦੇਹੀ ਬਿਊਰੋ ਨੇ 8 ਸਤੰਬਰ ਨੂੰ ਇਹ ਕੇਸ ਦਾਇਰ ਕੀਤੇ ਸਨ।
ਇਸਲਾਮਾਬਾਦ ਸਥਿਤ ਜਵਾਬਦੇਹੀ ਅਦਾਲਤ ਨੇ 8 ਨਵੰਬਰ ਨੂੰ 67 ਸਾਲਾ ਸ਼ਰੀਫ ਦੀ ਇਹ ਕੇਸ ਇਕੱਠੇ ਕਰਨ ਬਾਰੇ ਅਪੀਲ ਰੱਦ ਕਰ ਦਿੱਤੀ ਸੀ। ਇਸ ਅਦਾਲਤ ਦੇ ਹੁਕਮਾਂ ਨੂੰ ਇਸਲਾਮਾਬਾਦ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਨੇ ਸੁਣਵਾਈ ਮੁਕੰਮਲ ਕਰਨ ਬਾਅਦ 23 ਨਵੰਬਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ, ਜੋ ਅੱਜ ਸੁਣਾਇਆ ਗਿਆ। ਸ਼ਰੀਫ ਪਰਿਵਾਰ ਖ਼ਿਲਾਫ਼ ਇਹ ਕੇਸ ਅਲ-ਅਜ਼ੀਜ਼ਿਆ ਕੰਪਨੀ ਅਤੇ ਹਿੱਲ ਮੈਟਲ ਇਸਟੈਬਲਿਸ਼ਮੈਂਟ, ਫਲੈਗਸ਼ਿਪ ਇਨਵੈਸਟਮੈਂਟ ਲਿਮ. ਅਤੇ ਐਵਨਫੀਲਡ (ਲੰਡਨ) ਜਾਇਦਾਦਾਂ ਨਾਲ ਸਬੰਧਤ ਹਨ।
ਇਸ ਤੋਂ ਪਹਿਲਾਂ ਜਵਾਬਦੇਹੀ ਅਦਾਲਤ ਨੇ ਹਾਈ ਕੋਰਟ ਦੇ ਸੰਭਾਵੀਂ ਫ਼ੈਸਲੇ ਦੇ ਮੱਦੇਨਜ਼ਰ ਭ੍ਰਿਸ਼ਟਾਚਾਰ ਦੇ ਕੇਸਾਂ ’ਤੇ ਸੁਣਵਾਈ ਬਾਅਦ ਦੁਪਹਿਰ ਤਕ ਮੁਲਤਵੀ ਕਰ ਦਿੱਤੀ ਸੀ। ਨਵਾਜ਼ ਸ਼ਰੀਫ ਆਪਣੀ ਧੀ ਮਰੀਅਮ ਅਤੇ ਜਵਾਈ ਮੁਹੰਮਦ ਸਫ਼ਦਰ ਨਾਲ ਅਦਾਲਤ ਵਿੱਚ ਮੌਜੂਦ ਸੀ। ਇਸ ਅਦਾਲਤ ਨੇ ਬਾਅਦ ਦੁਪਹਿਰ ਇਕ ਵਜੇ ਤਕ ਸੁਣਵਾਈ ਮੁਲਤਵੀ ਕਰਦਿਆਂ ਸ਼ਰੀਫ ਨੂੰ ਘਰ ਜਾਣ ਦੀ ਆਗਿਆ ਦਿੱਤੀ ਪਰ ਨਾਲ ਹੀ  ਮੁੜ ਸੁਣਵਾਈ ਸ਼ੁਰੂ ਹੋਣ ’ਤੇ ਅਦਾਲਤ ਵਿੱਚ ਮੌਜੂਦ ਹੋਣ ਦਾ ਹੁਕਮ ਦਿੱਤਾ।

Comments