Close
Menu

ਤਣਾਅ ਦੇ ਖਾਤਮੇ ਲਈ ਉੱਤਰੀ ਕੋਰੀਆ ਓਲੰਪਿਕ ’ਚ ਲਏਗਾ ਹਿੱਸਾ

ਸਿਓਲ, 10 ਜਨਵਰੀ
ਦੋਨਾਂ ਕੋਰਿਆਈ ਮੁਲਕਾਂ ਨੇ ਅੱਜ ਕੀਤੀ ਗੱਲਬਾਤ ਦੌਰਾਨ ਕੁੜੱਤਣ ਘਟਾਉਣ ਲਈ ਪਹਿਲਕਦਮੀ ਕੀਤੀ। ਉੱਤਰੀ ਕੋਰੀਆ ਅਗਲੇ ਮਹੀਨੇ ਦੱਖਣੀ ਕੋਰੀਆ ਵਿਚ ਹੋ ਰਹੀ ਸਰਦ ਰੁੱਤ ਓਲੰਪਿਕ ਵਿੱਚ ਵਫ਼ਦ ਭੇਜਣ ਅਤੇ ਫੌਜ ਵਿਚਾਲੇ ਫੋਨ ਸੰਪਰਕ ਕਾਇਮ ਕਰਨ ਲਈ ਰਾਜ਼ੀ ਹੋ ਗਿਆ ਹੈ।
ਆਪਣੇ ਕਿਸਮ ਦੀ ਇਹ ਗੱਲਬਾਤ ਦੋ ਵਰ੍ਹਿਆਂ ਬਾਅਦ ਉੱਤਰੀ ਕੋਰਿਆਈ ਆਗੂ ਕਿਮ ਜੋਂਗ ਵੱਲੋਂ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਦੇ ਵਿਸਥਾਰ ਕਾਰਨ ਬਾਹਰੀ ਸੰਸਾਰ ਨਾਲ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਦੱਖਣੀ ਕੋਰੀਆ ਨਾਲ ਸਬੰਧ ਸੁਧਾਰਨ ਤਹਿਤ ਕੀਤੀ ਗਈ। ਆਲੋਚਕਾਂ ਦਾ ਕਹਿਣਾ ਹੈ ਕਿ ਕਿਮ ਉੱਤਰੀ ਅਮਰੀਕਾ ’ਤੇ ਲੱਗੀਆਂ ਪਾਬੰਦੀਆਂ ਅਤੇ ਕੌਮਾਂਤਰੀ ਦਬਾਅ ਨੂੰ ਘਟਾਉਣ ਲਈ ਸਿਓਲ ਅਤੇ ਵਾਸ਼ਿੰਗਟਨ ਨੂੰ ਵੰਡ ਰਿਹਾ ਹੈ।
ਦੱਖਣੀ ਕੋਰੀਆ ਦੇ ਇਕਜੁਟਤਾ ਵਿਭਾਗ ਦੇ ਉਪ ਮੰਤਰੀ ਚੁਨ ਹੇ ਸੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਵਫ਼ਦ ਨੇ ਉਨ੍ਹਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਉਹ ਓਲੰਪਿਕ ਲਈ ਵਫ਼ਦ ਭੇਜੇਗਾ ਜਿਸ ਵਿੱਚ ਅਧਿਕਾਰੀ, ਅਥਲੀਟ, ਚੀਅਰ ਲੀਡਰਜ਼, ਪੱਤਰਕਾਰ ਅਤੇ ਹੋਰ ਸ਼ਾਮਲ ਹੋਣਗੇ।  ਕੌਮਾਂਤਰੀ ਓਲੰਪਿਕ ਕਮੇਟੀ ਨੇ ਕੱਲ੍ਹ ਕਿਹਾ ਸੀ ਕਿ ਖੇਡਾਂ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦੇ ਦਰਵਾਜ਼ੇ ਉੱਤਰੀ ਕੋਰੀਆ ਲਈ ਖੁੱਲ੍ਹੇ ਹਨ। ਚੁਨ ਨੇ ਦੱਸਿਆ ਕਿ ਦੱਖਣੀ ਕੋਰੀਆ ਨੇ ਜੰਗ ਕਾਰਨ ਵੱਖ ਹੋਏ ਪਰਿਵਾਰਾਂ ਨੂੰ ਆਰਜ਼ੀ ਤੌਰ ’ਤੇ ਮਿਲਾਉਣ ਦਾ ਵੀ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਕੋਰੀਅਨ ਪੈਨਿਨਸੁਲਾ ਨੂੰ ਪ੍ਰਮਾਣੂਮੁਕਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਦੋਵਾਂ ਕੋਰਿਆਈ ਮੁਲਕਾਂ ਨੂੰ ਸ਼ਾਂਤੀ ਬਹਾਲੀ ਅਤੇ ਗੱਲਬਾਤ ਨਾਲ ਮਸਲੇ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

Comments