Close
Menu

ਟਰੰਪ ਲਈ ਕਿਮ ਨੂੰ ਦਬਾਅ ਹੇਠ ਰੱਖਣਾ ਜ਼ਰੂਰੀ: ਹੇਲੀ

ਵਾਸਿੰਗਟਨ, ਨਿਕੀ ਹੇਲੀ ਨੇ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਿਮ ਜੋਂਗ ਉਨ ਨੂੰ ਧਮਕਾਉਣ ਲਈ ਕੀਤੇ ਪ੍ਰਮਾਣੂ ਬਟਨ ਸਬੰਧੀ ਟਵੀਟ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਉੱਤਰੀ ਕੋਰੀਆ ਦੇ ਆਗੂ ਨੂੰ ਦਬਾਅ ਹੇਠ ਰੱਖਣ ਲਈ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਉੱਤਰੀ ਕੋਰਿਆਈ ਆਗੂ ਦੇ ਇਹ ਕਹਿਣ ਕਿ ਪਯੋਂਗਯਾਂਗ ਦੇ ਪ੍ਰਮਾਣੂ ਹਥਿਆਰ ਅਮਰੀਕਾ ਵਿੱਚ ਕਿਤੇ ਵੀ ਹਮਲਾ ਕਰਨ ਦੇ ਯੋਗ ਹਨ ਅਤੇ ਉਸ ਦੀ ਮੇਜ਼ ’ਤੇ ਪ੍ਰਮਾਣੂ ਬਟਨ ਹੈ ਦੇ ਕੁਝ ਦਿਨ ਬਾਅਦ ਬੀਤੇ ਹਫ਼ਤੇ ਟਰੰਪ ਨੇ ਉਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਉਸ ਦਾ ਪ੍ਰਮਾਣੂ ਬਟਨ ਕਿਮ ਜੋਂਗ ਦੇ ਬਟਨ ਤੋਂ ਕਿਤੇ ਵੱਡਾ ਅਤੇ ਵਧ ਸ਼ਕਤੀਸ਼ਾਲੀ ਹੈ।
ਟਰੰਪ ਦੇ ਇਹ ਕਹਿਣ ਕਿ ਉਹ ਉੱਤਰੀ ਕੋਰਿਆਈ ਆਗੂ ਨਾਲ ਗੱਲਬਾਤ ਲਈ ਤਿਆਰ ਹਨ ਦੇ ਇਕ ਦਿਨ ਬਾਅਦ ਸੰਯੁਕਤ ਰਾਸ਼ਟਰ ਦੇ ਅਮਰੀਕੀ ਏਲਚੀ ਭਾਰਤੀ ਅਮਰੀਕੀ ਹੇਲੀ ਨੇ ਕਿਹਾ ਕਿ ਉੱਤਰੀ ਕੋਰਿਆਈ ਹਕੂਮਤ ਨੂੰ ਗੱਲਬਾਤ ਲਈ ਕਈ ਕਦਮ ਚੁੱਕਣ ਦੀ ਲੋੜ ਹੈ। ਕੱਲ੍ਹ ਏਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਵਿੱਚ ਪ੍ਰਮਾਣੂ ਹਥਿਆਰ ਅਤੇ ਮਿਜ਼ਾਈਲਾਂ ਦੀ ਅਜ਼ਮਾਇਸ਼ ਰੋਕਣ ਅਤੇ ਪ੍ਰਮਾਣੂ ਹਥਿਆਰਾਂ ’ਤੇ ਰੋਕ ਲਾਉਣ ਬਾਰੇ ਗੱਲਬਾਤ ਸ਼ਾਮਲ ਹੈ।  ਜਦੋਂ ਉਨ੍ਹਾਂ ਤੋਂ ਟਰੰਪ ਦੇ ਟਵੀਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਮ ’ਤੇ ਦਬਾਅ ਬਣਾਉਣ ਲਈ ਇਹ ਜ਼ਰੂਰੀ ਸੀ।

Comments