Close
Menu

ਜੀਐਸਟੀ ਨੂੰ ਸੁਖਾਲਾ ਬਣਾਵਾਂਗੇ: ਰਾਹੁਲ ਗਾਂਧੀ

ਕਲਬੁਰਗੀ (ਕਰਨਾਟਕ), 14 ਫਰਵਰੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਉਹ ਮੌਜੂਦਾ ਜੀਐਸਟੀ ਪ੍ਰਬੰਧ ਵਿੱਚ ਸੁਧਾਰ ਕਰਦਿਆਂ ਇਸ ਨੂੰ ਵਧੇਰੇ ਸਰਲ ਬਣਾਉਣਗੇ। ਉਨ੍ਹਾ ਕਿਹਾ ਕਿ ਅਸਿੱਧੇ ਟੈਕਸ ਪ੍ਰਬੰਧ ਵਿੱਚ ਇਕਹਿਰੀ ਟੈਕਸ ਸਲੈਬ ਰੱਖਣ ਦਾ ਯਤਨ ਕੀਤਾ ਜਾਵੇਗਾ, ਜੋ ਇਕ ਮੁਨਾਸਬ ਪੱਧਰ ’ਤੇ ਬੰਦ ਹੋਵੇਗੀ। ਜੀਐਸਟੀ ਨੂੰ ‘ਗੱਬਰ ਸਿੰਘ ਟੈਕਸ’ ਦੱਸਣ ਵਾਲੇ ਰਾਹੁਲ ਨੇ ਕਿਹਾ ਕਿ ਵਸਤਾਂ ਤੇ ਸੇਵਾਵਾਂ ਕਰ ਨੂੰ ਲੈ ਕੇ ਬਣੇ ਭੰਬਲ-ਭੂਸੇ ਨੂੰ ਦੂਰ ਕੀਤਾ ਜਾਵੇਗਾ।
ਆਪਣੀ ‘ਜਨਅਸ਼ੀਰਵਾਦ ਯਾਤਰਾ’ ਦੇ ਚੌਥੇ ਤੇ ਆਖਰੀ ਦਿਨ ਇਥੇ ਪੇਸ਼ੇਵਰਾਂ ਤੇ ਉੱਦਮੀਆਂ ਨਾਲ ਇਕ ਰੂਬਰੂ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, ‘ਸਾਡੀ ਪੁਜ਼ੀਸ਼ਨ ਬਿਲਕੁਲ ਸਪਸ਼ਟ ਹੈ। ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤਾਂ ਅਸੀਂ ਮੌਜੂਦਾ ਜੀਐਸਟੀ ਪ੍ਰਬੰਧ ਨੂੰ ਸੁਖਾਲਾ ਬਣਾਵਾਂਗੇ। ਅਸੀਂ ਯਤਨ ਕਰਾਂਗੇ ਕਿ ਇਸ ਨੂੰ ਇਕਹਿਰਾ ਟੈਕਸ ਪ੍ਰਬੰਧ ਬਣਾਇਆ ਜਾਵੇ। ਅਸੀਂ ਮੌਜੂਦਾ ਟੈਕਸ ਪ੍ਰਬੰਧ ਨੂੰ ਲੈ ਕੇ ਜਾਰੀ ਭੰਬਲ-ਭੂਸੇ ਨੂੰ ਵੀ ਦੂਰ ਕਰਾਂਗੇ।’ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਜੀਐਸਟੀ ਸੰਕਲਪ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਹੈ, ਪਰ ਹਾਲ ਦੀ ਘੜੀ ਇਹ ਕਾਫ਼ੀ ਗੁੰਝਲਦਾਰ ਹੈ। ਸ੍ਰੀ ਗਾਂਧੀ ਨੇ ਕਿਹਾ, ‘ਸਾਡਾ ਵਿਚਾਰ ਇਕਹਿਰੇ ਟੈਕਸ ਦਾ ਸੀ। ਗਰੀਬ਼ ਲੋਕਾਂ ਤੇ ਆਮ ਆਦਮੀ ਦੀ ਵਰਤੋਂ ’ਚ ਆਉਂਦੀਆਂ ਵੱਡੀ ਗਿਣਤੀ ਵਸਤਾਂ ਨੂੰ ਜੀਐਸਟੀ ਦੇ ਘੇਰੇ ’ਚੋਂ ਬਾਹਰ ਰੱਖਿਆ ਜਾਣਾ ਸੀ। ਟੈਕਸ ਦੀ ਇਕੋ ਦਰ 18 ਫੀਸਦ ਹੋਵੇ, ਇਹ ਸਾਡਾ ਜੀਐਸਟੀ ਸੀ।’ ਉਨ੍ਹਾਂ ਪੇਸ਼ੇਵਰਾਂ ਤੇ ਉੱਦਮੀਆਂ ਨੂੰ ਯਕੀਨ ਦਿਵਾਇਆ ਕਿ ਉਹ ਜੀਐਸਟੀ ਪ੍ਰਬੰਧ ਨਾਲ ਜੁੜੀਆਂ ਮੁਸ਼ਕਲਾਂ ਨੂੰ ਸੰਸਦ ਵਿੱਚ ਰੱਖਣਗੇ।

Comments