Close
Menu

ਜ਼ੈਨਬ ਕੇਸ: ਏਟੀਸੀ ਵੱਲੋਂ ਮੁਲਜ਼ਮ ਖ਼ਿਲਾਫ਼ ਦੋਸ਼ ਆਇਦ

ਇਸਲਾਮਾਬਾਦ, 13 ਫਰਵਰੀ
ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਸੱਤ ਸਾਲ ਦੀ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ’ਚ ਮੁੱਖ ਮੁਲਜ਼ਮ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਮੁੱਖ ਮੁਲਜ਼ਮ ਇਮਰਾਨ ਅਲੀ ਨੇ ਜ਼ੈਨਬ ਨੂੰ 4 ਜਨਵਰੀ ਨੂੰ ਕਸੂਰ ’ਚ ਅਗਵਾ ਕਰ ਲਿਆ ਸੀ ਅਤੇ ਪੰਜ ਦਿਨਾਂ ਬਾਅਦ ਉਸ ਦੀ ਲਾਸ਼ ਕੂੜੇ ਦੇ ਢੇਰ ਤੋਂ ਮਿਲੀ ਸੀ। ਇਸ ਮਾਮਲੇ ਨਾਲ ਪੂਰੇ ਪਾਕਿਸਤਾਨ ’ਚ ਰੋਸ ਦੀ ਲਹਿਰ ਫੈਲ ਗਈ ਸੀ।
ਅਲੀ ਨੇ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਕਬੂਲ ਲਏ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਜੱਜ ਸੱਜਾਦ ਅਹਿਮਦ ਨੇ ਇਮਰਾਨ ਅਲੀ ਖ਼ਿਲਾਫ਼ ਦੋਸ਼ ਆਇਦ ਕੀਤੇ। ਲਾਹੌਰ ਹਾਈ ਕੋਰਟ ਨੇ ਏਟੀਸੀ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ੱਕੀ ’ਤੇ ਦੋਸ਼ ਆਇਦ ਹੋਣ ਦੇ ਸੱਤ ਦਿਨਾਂ ਅੰਦਰ ਕੇਸ ਮੁਕੰਮਲ ਕਰਨ। ਉਸ ਖ਼ਿਲਾਫ਼ ਜੇਲ੍ਹ ਅੰਦਰ ਹੀ ਰੋਜ਼ਾਨਾ ਆਧਾਰ ’ਤੇ ਕੇਸ ਚਲਾਇਆ ਜਾ ਰਿਹਾ ਹੈ। ਅਲੀ ਨੂੰ 23 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਡੀਐਨਏ ਦਾ ਬੱਚੀ ਨਾਲ ਮਿਲਾਨ ਹੋ ਗਿਆ ਸੀ। ਦੋਸ਼ੀ ਖ਼ਿਲਾਫ਼ ਸਬੂਤਾਂ ’ਚ ਡੀਐਨਏ, ਪੋਲੀਗ੍ਰਾਫ਼ ਟੈਸਟ, ਉਸ ਦੇ ਕੱਪੜੇ, ਸੀਸੀਟੀਵੀ ਫੁਟੇਜ ਅਤੇ ਮੈਡੀਕਲ ਰਿਪੋਰਟ ਸ਼ਾਮਲ ਹਨ। ਅਦਾਲਤ ਮੂਹਰੇ 55 ਗਵਾਹਾਂ ਦੀ ਸੂਚੀ ਵੀ ਜਮਾਂ ਕਰਵਾਈ ਗਈ ਹੈ। ਉਸ ਨੇ ਪੰਜ ਹੋਰ ਬੱਚੀਆਂ ਦੇ ਕਤਲ ਨੂੰ ਵੀ ਕਬੂਲਿਆ ਹੈ।

Comments