Close
Menu

ਗੂਗਲ ਨੇ ਸੁਰ ਸਮਰਾਟ ਰਫੀ ਨੂੰ ਦਿੱਤਾ ਡੂਡਲ ਦਾ ਤੋਹਫਾ

ਨਵੀਂ ਦਿੱਲੀ— ਸਰਚ ਇੰਜਣ ਗੂਗਲ ਨੇ ਸੁਰ ਸਮਰਾਟ ਮੁਹੰਮਦ ਰਫੀ ਦੇ 93ਵੇਂ ਜਨਮ ਦਿਵਸ ਮੌਕੇ ਅੱਜ ਇਕ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਡੂਡਲ ‘ਚ ਰਫੀ ਹੈੱਡ ਫੋਨ ਲਾ ਕੇ ਗਾਉਂਦੇ ਦਿਖਾਈ ਦੇ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਮਜੀਠਾ ਕੋਲ ਕੋਟਲਾ ਸੁਲਤਾਨ ਸਿੰਘ ਪਿੰਡ ‘ਚ 24 ਦਸੰਬਰ 1924 ਨੂੰ ਜਨਮੇ ਰਫੀ ਨੇ ਕਈ ਭਾਸ਼ਾਵਾਂ ‘ਚ 7 ਹਜ਼ਾਰ ਤੋਂ ਜ਼ਿਆਦਾ ਗਾਣੇ ਗਾਏ। ਉਨ੍ਹਾਂ ਦੀ ਮੁੱਖ ਪਛਾਣ ਹਿੰਦੀ ਗਾਇਕ ਵਜੋਂ ਸੀ ਅਤੇ ਉਨ੍ਹਾਂ ਨੇ ਤਿੰਨ ਦਹਾਕਿਆਂ ਦੇ ਆਪਣੇ ਕੈਰੀਅਰ ‘ਚ ਕਈ ਹਿੱਟ ਗਾਣੇ ਗਏ। ਉਨ੍ਹਾਂ ਨੇ 6 ਫਿਲਮ ਫੇਅਰ ਐਵਾਰਡ ਅਤੇ ਇਕ ਰਾਸ਼ਟਰੀ ਐਵਾਰਡ ਜਿੱਤਿਆ ਸੀ। ਉਨ੍ਹਾਂ ਨੂੰ 1967 ‘ਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਰਫੀ ਨੇ ਹਿੰਦੀ ਫਿਲਮਾਂ ਲਈ ‘ਓ ਦੁਨੀਆ ਕੇ ਰਖਵਾਲੇ’, ‘ਪੱਥਰ ਕੇ ਸਨਮ’, ‘ਚੌਦਹਵੀਂ ਕਾ ਚਾਂਦ ਹੋ’, ‘ਯੇ ਦੁਨੀਆ ਅਗਰ ਮਿਲ ਭੀ ਜਾਏ’, ‘ਦਿਨ ਢਲ ਜਾਏ’ ਵਰਗੇ ਅਣਗਿਣਤ ਹਿੱਟ ਗਾਣੇ ਦਿੱਤੇ, ਜੋ ਅੱਜ ਵੀ ਪਸੰਦ ਕੀਤੇ ਜਾਂਦੇ ਹਨ। ਉਨ੍ਹਾਂ ਰੋਮਾਂਟਿਕ, ਕੱਵਾਲੀ, ਗਜ਼ਲ ਤੇ ਭਜਨ ਜਿਹੇ ਕਈ ਤਰ੍ਹਾਂ ਦੇ ਗਾਣੇ ਗਾਏ। 31 ਜੁਲਾਈ 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਰਫੀ ਦਾ ਦਿਹਾਂਤ ਹੋ ਗਿਆ। ਉਦੋਂ ਉਨ੍ਹਾਂ ਦੀ ਉਮਰ ਸਿਰਫ 55 ਸਾਲ ਸੀ।

Comments