Close
Menu

ਗੁਜਰਾਤ ’ਚ ਭਾਜਪਾ ਬਚ ਕੇ ਨਿਕਲੀ ਹੈ: ਰਾਹੁਲ ਗਾਂਧੀ

ਨਵੀਂ ਦਿੱਲੀ,10 ਜਨਵਰੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬਹਿਰੀਨ ’ਚ ਸੋਮਵਾਰ ਰਾਤ ਨੂੰ ਪਰਵਾਸੀ ਭਾਰਤੀਆਂ ਨੂੰ ਕੀਤੇ ਗਏ ਸੰਬੋਧਨ ਦੌਰਾਨ ਉਨ੍ਹਾਂ ਭਾਜਪਾ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਦੇ ਬਿਆਨਾਂ ਦੀ ਸੋਸ਼ਲ ਮੀਡੀਆ ’ਤੇ ਚਰਚਾ ਹੋ ਰਹੀ ਹੈ।
ਭਾਜਪਾ ’ਤੇ ਵਰ੍ਹਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਉਹ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਦੇ ਸਰਕਾਰ ਖ਼ਿਲਾਫ਼ ਰੋਸ ਨੂੰ ਭਾਜਪਾ ਫਿਰਕੂ ਰੰਗਤ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ’ਚ ਮਿਲੀ ਹਾਰ ਬਾਰੇ ਰਾਹੁਲ ਨੇ ਕਿਹਾ,‘‘ਕਾਂਗਰਸ ਲੰਬੇ ਸਮੇਂ ਤੋਂ ਗੁਜਰਾਤ ’ਚ ਹੈ। ਅਸੀਂ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਆਪਣੇ ਗੜ੍ਹ ’ਚ ਭਾਜਪਾ ਬਚ ਕੇ ਨਿਕਲੀ ਹੈ।’’ ਭਾਜਪਾ ’ਤੇ ‘ਭੜਕਾਊ ਰਾਜਨੀਤੀ’ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਸੁਮੇਲ ਨਾਲ ਬਹਾਦਰ, ਨਵੀਂ ਅਤੇ ਰੌਸ਼ਨ ਕਾਂਗਰਸ ਦੁਨੀਆ ਨੂੰ ਆਪਣੇ ਨਾਲ ਜੋੜੇਗੀ। ਮੀਡੀਆ ਵੱਲੋਂ ਭਾਜਪਾ ਦੀ ਬੋਲੀ ਬੋਲਣ ’ਤੇ ਵੀ ਉਨ੍ਹਾਂ ਤਨਜ਼ ਕਸੇ। ਆਪਣੇ ਦੌਰੇ ਮੌਕੇ ਉਹ ਕੈਨੇਡਾ ਅਤੇ ਸਿੰਗਾਪੁਰ ਵੀ ਜਾਣਗੇ।

ਰਾਹੁਲ ਵੱਲੋਂ ਵਿਦੇਸ਼ ’ਚ ਨਿੰਦਾ ਗ਼ੈਰਜ਼ਿੰਮੇਵਾਰਾਨਾ: ਪ੍ਰਸਾਦ
ਨਵੀਂ ਦਿੱਲੀ: ਬਹਿਰੀਨ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਭਾਜਪਾ ਨੇ ਗ਼ੈਰਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਵਿਦੇਸ਼ ਰਹਿੰਦੇ ਭਾਰਤੀਆਂ ’ਚ ਵੀ ਨਫ਼ਰਤ ਦੀ ਭਾਵਨਾ ਫੈਲਾ ਰਹੇ ਹਨ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਲੋਕ ਜਾਣ ਗਏ ਹੋਣਗੇ ਕਿ ਕੌਣ ਮੁਲਕ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ। ਬੇਰੁਜ਼ਗਾਰਾਂ ਨੂੰ ਨੌਕਰੀਆਂ ਨਾ ਦੇਣ ਬਾਰੇ ਰਾਹੁਲ ਦੇ ਲਾਏ ਦੋਸ਼ ਬਾਰੇ ਉਨ੍ਹਾਂ ਕਿਹਾ ਕਿ ਮੁਦਰਾ ਕਰਜ਼ਿਆਂ ਰਾਹੀਂ ਮੁਲਕ ’ਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹਨ।

Comments