Close
Menu

ਕਿਰਤ ਦੀ ਬੇਕਦਰੀ: ਗਉੂਸ਼ਾਲਾ ਵਿੱਚ ਪਏ-ਪਏ ਕਬਾੜ ਬਣੇ ਢਾਈ ਹਜ਼ਾਰ ਸਾਈਕਲ

ਭਵਾਨੀਗੜ੍ਹ, 14 ਫਰਵਰੀ: ਇੱਥੇ ਰਾਮਪੁਰਾ ਰੋਡ ‘ਤੇ ਸਥਿੱਤ ਗਊਸ਼ਾਲਾ ਵਿੱਚ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਸੰਗਰੂਰ ਜ਼ਿਲੇ ਵਿੱਚ ਲਾਲ ਕਾਰਡ ਵਾਲੇ ਕਿਰਤੀਆਂ ਦੇ ਪਰਿਵਾਰਾਂ ਨੂੰ ਵੰਡਣ ਲਈ ਰੱਖੇ ਲਗਪਗ ਢਾਈ ਹਜ਼ਾਰ ਸਾਈਕਲ ਮਹਿਕਮੇ ਦੀ ਬੇਰੁਖ਼ੀ ਕਾਰਨ ਜੰਗਾਲ ਲੱਗ ਕੇ ਖਰਾਬ ਹੋ ਗਏ ਹਨ। ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੂਰ ਨੇ ਇਸ ਸਬੰਧੀ ਐਸਡੀਐਮ ਭਵਾਨੀਗੜ੍ਹ ਅਮਰਿੰਦਰ ਸਿੰਘ ਟਿਵਾਣਾ ਨੂੰ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਕਿਰਤ ਵਿਭਾਗ ਸੰਗਰੂਰ ਨੇ ਪਿਛਲੀ ਸਰਕਾਰ ਵੇਲੇ ਲਾਲ ਕਾਰਡ ਧਾਰਕਾਂ ਨੂੰ ਵੰਡਣ ਇਥੇ ਗਊਸ਼ਾਲਾ ਦੇ ਖੁੱਲ੍ਹੇ ਸਟੋਰ ਵਿੱਚ ਦਸ ਮਹੀਨੇ ਪਹਿਲਾਂ ਸਾਈਕਲ ਰੱਖੇ ਸੀ ਅਤੇ ਉਨ੍ਹਾਂ ਵੱਲੋਂ ਇਸ ਥਾਂ ਦਾ ਕਿਰਾਇਆ ਦੇਣ ਐਗਰੀਮੈਂਟ ਵੀ ਕੀਤਾ ਗਿਆ ਸੀ। ਉਂਜ, ਕਿਰਤ ਵਿਭਾਗ ਨੇ ਇਹ ਸਾਈਕਲ ਅਜੇ ਤੱਕ ਨਹੀਂ ਵੰਡੇ ਅਤੇ ਨਾ ਹੀ ਗਊਸ਼ਾਲਾ ਨੂੰ ਕਿਰਾਇਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਅਧਿਕਾਰੀਆਂ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਐਸਡੀਐਮ ਸ੍ਰੀ ਟਿਵਾਣਾ ਨੇ ਗਊਸ਼ਾਲਾ ਪਹੁੰਚ ਕੇ ਖਸਤਾ ਹਾਲਤ ਵਿੱਚ ਪਏ ਸਾਈਕਲਾਂ ਨੂੰ ਦੇਖਿਆ। ਦੋ ਹਜ਼ਾਰ ਦੇ ਕਰੀਬ ਇਹ ਸਾਈਕਲ ਸਟੋਰ ਵਿੱਚ ਆਸਮਾਨ ਥੱਲੇ ਲੰਬੇ ਸਮੇ ਤੋਂ ਖੜ੍ਹੇ ਹੋਣ ਕਾਰਨ ਖਰਾਬ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਟਾਇਰ ਵੀ ਗਲ਼ ਗਏ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਮਹਿਕਮੇ ਨੂੰ ਇਹ ਜਗਾ ਖਾਲੀ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣਗੇ। ਉਨ੍ਹਾਂ ਗਊਸ਼ਾਲਾ ਦੇ ਅੰਦਰ ਦੀ ਲੱਗ ਰਹੀ ਹਾਈ ਵੋਲਟੇਜ ਬਿਜਲੀ ਲਾਈਨ ਨੂੰ ਵੀ ਬਦਲਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਗਊਸ਼ਾਲਾ ਦੇ ਮੈਨੇਜਰ ਸੋਮ ਨਾਥ, ਖ਼ਜ਼ਾਨਚੀ ਰਾਜ ਕੁਮਾਰ ਕੋਟਵਾਲੇ, ਹਰਪ੍ਰੀਤ ਸਿੰਘ ਬਾਜਵਾ, ਗਿੰਨੀ ਕੱਦ ਅਤੇ ਹਰਬੰਸ ਲਾਲ ਨੇ ਕਿਹਾ ਕਿ ਸਰਕਾਰੀ ਸਕੀਮ ਦੇ ਲੱਖਾਂ ਰੁਪਏ ਖਰਚ ਕਰ ਕੇ ਵੀ ਇਹ ਸਾਈਕਲ ਲੋੜਵੰਦ ਕਿਰਤੀਆਂ ਨੂੰ ਬਿਨਾਂ ਵੰਡਣ ਤੋਂ ਹੀ ਖਰਾਬ ਹੋ ਗਏ ਹਨ । ਉਨ੍ਹਾਂ ਮਹਿਕਮੇ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੀ ਪੜਤਾਲ ਕਰਨ ਦੀ ਮੰਗ ਵੀ ਕੀਤੀ। ਕਿਰਤ ਵਿਭਾਗ ਸੰਗਰੂਰ ਦੇ ਇੰਸਪੈਕਟਰ ਕੁਲਵੰਤ ਸਿੰਘ ਨੇ ਇਸ ਪੱਤਰਕਾਰ ਨੂੰ ਫੋਨ ‘ਤੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹ ਸਾਈਕਲ ਗਊਸ਼ਾਲਾ ਵਿਖੇ ਲਾਲ ਕਾਰਡ ਵਾਲੇ ਪਰਿਵਾਰਾਂ ਨੂੰ ਵੰਡਣ ਲਈ ਰਖਵਾਏ ਗਏ ਸਨ। ਇਨ੍ਹਾਂ ਵਿਚੋਂ ਕਾਫੀ ਸਾਈਕਲ ਵੰਡ ਵੀ ਦਿੱਤੇ ਗਏ ਸਨ ਅਤੇ ਬਾਕੀ ਰਹਿੰਦੇ ਸਾਈਕਲਾਂ ਨੂੰ ਉਹ ਦੋ ਦਿਨਾਂ ਅੰਦਰ ਚੁੱਕ ਲੈਣਗੇ। ਉਨ੍ਹਾਂ ਕਿਰਾਏ ਸਬੰਧੀ ਕਿਸੇ ਵੀ ਇਕਰਾਰ ਹੋਣ ਤੋਂ ਇਨਕਾਰ ਕੀਤਾ।

Comments