Close
Menu

ਕਲਬੁਰਗੀ ਹੱਤਿਆ ਕਾਂਡ ਦੀ ਸਿੱਟ ਤੋਂ ਜਾਂਚ ਲਈ ਪਟੀਸ਼ਨ

ਨਵੀਂ ਦਿੱਲੀ, 11 ਜਨਵਰੀ
ਲੇਖਕ ਅਤੇ ਤਰਕਸ਼ੀਲ ਐਮ ਐਮ ਕਲਬੁਰਗੀ ਦੀ ਪਤਨੀ ਨੇ ਅੱਜ ਸੁਪਰੀਮ ਕੋਰਟ ਦਾ ਕੁੰਡਾ ਖੜਕਾ ਕੇ ਆਪਣੇ ਪਤੀ ਦੀ 2015 ’ਚ ਹੋਈ ਹੱਤਿਆ ਦੀ ਜਾਂਚ, ਵਿਸ਼ੇਸ਼ ਜਾਂਚ ਟੀਮ (ਸਿੱਟ) ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਐਨਆਈਏ, ਸੀਬੀਆਈ ਅਤੇ ਮਹਾਰਾਸ਼ਟਰ ਤੇ ਕਰਨਾਟਕ ਸਰਕਾਰਾਂ ਨੂੰ ਛੇ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਹੱਤਿਆ ਕਾਂਡ ’ਚ ਅਜੇ ਤਕ ਕੋਈ ਸੰਤੋਸ਼ਜਨਕ ਜਾਂਚ ਸਿਰੇ ਨਹੀਂ ਲੱਗੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਲੇਖਕ ਦੀ ਪਤਨੀ ਉਮਾ ਦੇਵੀ ਕਲਬੁਰਗੀ ਵੱਲੋਂ ਦਾਖ਼ਲ ਪਟੀਸ਼ਨ ਦਾ ਨੋਟਿਸ ਲੈਂਦਿਆਂ ਇਹ ਨਿਰਦੇਸ਼ ਜਾਰੀ ਕੀਤੇ। ਵਕੀਲ ਕ੍ਰਿਸ਼ਨਾ ਕੁਮਾਰ ਰਾਹੀਂ ਦਾਖ਼ਲ ਕੀਤੀ ਗਈ ਪਟੀਸ਼ਨ ’ਚ ਕਲਬੁਰਗੀ ਦੀ ਪਤਨੀ ਨੇ ਸ਼ੱਕ ਜਤਾਇਆ ਕਿ ਉਸ ਦੇ ਪਤੀ ਅਤੇ ਬੁੱਧੀਜੀਵੀ ਕਾਰਕੁਨਾਂ ਨਰੇਂਦਰ ਅਚਿਉਤ ਦਾਭੋਲਕਰ ਅਤੇ ਗੋਵਿੰਦਰਾਓ ਪਨਸਾਰੇ ਦੀਆਂ ਹੱਤਿਆਵਾਂ ’ਚ ਕੋਈ ਕੜੀ ਜੁੜਦੀ ਹੈ। ਦਾਭੋਲਕਰ ਨੂੰ ਅਗਸਤ 2013 ਅਤੇ ਪਨਸਾਰੇ ਨੂੰ ਫਰਵਰੀ 2015 ’ਚ ਕਤਲ ਕੀਤਾ ਗਿਆ ਸੀ। ਆਪਣੀ ਪਟੀਸ਼ਨ ’ਚ ਉਨ੍ਹਾਂ ਕਿਹਾ ਕਿ ਦਾਭੋਲਕਰ ਅਤੇ ਪਨਸਾਰੇ ਹੱਤਿਆ ਕਾਂਡਾਂ ਦੀ ਜਾਂਚ ’ਚ ਕੋਈ ਤਰੱਕੀ ਨਹੀਂ ਹੋਈ ਹੈ ਅਤੇ ਕਾਤਲਾਂ ਨੂੰ ਫੜਨ ਲਈ ਅਜੇ ਠੋਸ ਕਦਮ ਨਹੀਂ ਚੁੱਕੇ ਗਏ ਹਨ।

Comments