Close
Menu

ਇਨਾਮ ਜੇਤੂ ਪਾਕਿ ਪੱਤਰਕਾਰ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼

ਇਸਲਾਮਾਬਾਦ: ਤਾਕਤਵਰ ਫ਼ੌਜ ਦੀ ਆਲੋਚਨਾ ਕਰਨ ਲਈ ਜਾਣੇ ਜਾਂਦੇ ਪਾਕਿਸਤਾਨ ਦੇ ਇਨਾਮ ਜੇਤੂ ਪੱਤਰਕਾਰ ਤਾਹਾ ਸਿੱਦੀਕੀ ਨੂੰ ਅੱਜ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਥਿਆਰਬੰਦ ਵਿਅਕਤੀਆਂ ਤੋਂ ਜਦੋਂ ਉਸ ਨੇ ਬਚਣ ਦੀ ਕੋਸ਼ਿਸ ਕੀਤੀ ਤਾਂ ਉਹ ਮਾਮੂਲੀ ਰੂਪ ’ਚ ਜ਼ਖ਼ਮੀ ਵੀ ਹੋ ਗਿਆ। ਪਾਕਿਸਤਾਨ ’ਚ ਅਗ਼ਵਾ ਕੀਤੇ ਜਾਣ ਦੀ ਇਹ ਤਾਜ਼ਾ ਵਾਰਦਾਤ ਹੈ। ਸਿੱਦੀਕੀ ਭਾਰਤੀ ਟੀਵੀ ਚੈਨਲ ਵਿਓਨ ਦਾ ਪਾਕਿਸਤਾਨੀ ਬਿਓਰੋ ਚੀਫ਼ ਹੈ। ਤਾਹਾ ਸਿੱਦੀਕੀ, ਜਿਸ ਨੂੰ ਫਰਾਂਸ ਦੇ ਸਭ ਤੋਂ ਵੱਡੇ ਪੱਤਰਕਾਰੀ ਇਨਾਮ ਅਲਬਰਟ ਲੌਂਡਰਜ਼ ਨਾਲ 2014 ’ਚ ਨਿਵਾਜਿਆ ਗਿਆ ਸੀ, ਨੇ ਦੱਸਿਆ ਕਿ ਉਸ ’ਤੇ ਰਾਵਲਪਿੰਡੀ ’ਚ ਹਵਾਈ ਅੱਡੇ ’ਤੇ ਜਾਣ ਸਮੇਂ ਰਾਹ ’ਚ ਕਰੀਬ 12 ਵਿਅਕਤੀਆਂ ਨੇ ਘੇਰ ਕੇ ਹਮਲਾ ਕੀਤਾ ਪਰ ਉਹ ਅਗ਼ਵਾ ਹੋਣ ਤੋਂ ਬਚ ਗਿਆ। ਸਿੱਦੀਕੀ ਵੱਲੋਂ ਸਾਥੀ ਪੱਤਰਕਾਰ ਦੇ ਟਵਿੱਟਰ ਅਕਾਊਂਟ ’ਤੇ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਹੁਣ ਸੁਰੱਖਿਅਤ ਹੈ ਅਤੇ ਪੁਲੀਸ ਨਾਲ ਹੈ। ਉਸ ਨੇ ਜਬਰੀ ਗਾਇਬ ਕੀਤੇ ਜਾਣ ਵਾਲੀਆਂ ਵਾਰਦਾਤਾਂ ਸਬੰਧੀ ਹਮਾਇਤ ਮੰਗੀ ਹੈ। ਸਿੱਦੀਕੀ ਨੇ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ ਕਿ ਮੁਲਕ ਦੀ ਸੁਰੱਖਿਆ ਸਥਾਪਤੀ ਖ਼ਿਲਾਫ਼ ਆਲੋਚਨਾਵਾਂ ਪ੍ਰਕਾਸ਼ਤ ਕਰਨ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਮਨੁੱਖੀ ਰਾਈਟਜ਼ ਵਾਚ ਦੇ ਸਰੂਪ ਇਜਾਜ਼ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੱਤਰਕਾਰਾਂ ਖ਼ਿਲਾਫ਼ ਹਿੰਸਾ ਦੀ ਵਰਤੋਂ ਖ਼ਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸਰਕਾਰ ਸਮਝਦੀ ਹੈ ਕਿ ਉਹ ਹਿੰਸਾ ਰਾਹੀਂ ਬੋਲਣ ਦੀ ਆਜ਼ਾਦੀ ਦਾ ਗਲ ਘੁੱਟ ਸਕਦੀ ਹੈ। ਪੱਤਰਕਾਰਾਂ ਦੀ ਰਾਵਲਪਿੰਡੀ ਇਸਲਾਮਾਬਾਦ ਯੂਨੀਅਨ ਨੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਅਹਿਸਾਨ ਇਕਬਾਲ ਨਾਲ ਸੰਪਰਕ ਕਰਕੇ ਸੀਨੀਅਰ ਪੱਤਰਕਾਰ ਨੂੰ ਅਗ਼ਵਾ ਕਰਨ ਦੇ ਮਾਮਲੇ ਦੀ ਜਾਂਚ ਕਰਾਉਣ ਲਈ ਕਿਹਾ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇਸਲਾਮਾਬਾਦ ’ਚ ਪੱਤਰਕਾਰ ਅਹਿਮਦ ਨੂਰਾਨੀ ਨੂੰ ਕਾਰ ’ਚੋਂ ਕੱਢ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। 

Comments