Close
Menu

ਆਧਾਰ ਨਾ ਹੋਣ ’ਤੇ ਲੋਕਾਂ ਨੂੰ ਲਾਭਾਂ ਤੋਂ ਵਾਂਝੇ ਨਾ ਕਰੋ: ਪ੍ਰਸਾਦ

ਨਵੀਂ ਦਿੱਲੀ, 14 ਫਰਵਰੀ
ਕਾਨੂੰਨ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੂਬਾ ਸਰਕਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਕੋਲ ਆਧਾਰ ਹੋਣ ’ਤੇ ਉਸ ਨੂੰ ਲਾਭ ਤੋਂ ਵਾਂਝਾ ਨਾ ਕੀਤਾ ਜਾਵੇ। ਸੂਬਿਆਂ ਦੇ ਸੂਚਨਾ ਤਕਨਾਲੋਜੀ ਮੰਤਰੀਆਂ ਅਤੇ ਸਕੱਤਰਾਂ ਨੂੰ ਉਨ੍ਹਾਂ ਕਿਹਾ ਕਿ ਆਧਾਰ ਵੱਡਾ ਮੰਚ ਹੈ ਜਿਸ ਦੇ ਵਧੀਆ ਪ੍ਰਬੰਧ ਚਲਾਉਣ ਅਤੇ ਹੋਰ ਫਾਇਦੇ ਹੁੰਦੇ ਹਨ ਪਰ ਆਧਾਰ ਦਾ ਵੀ ਨਿਯਮ ਹੁੰਦਾ ਹੈ। ਇਸ ਮੁਤਾਬਕ ਕਿਸੇ ਵੀ ਲਾਭਪਾਤਰੀ ਨੂੰ ਆਧਾਰ ਨਾ ਦਿਖਾਏ ਜਾਣ ’ਤੇ ਉਸ ਨੂੰ ਲਾਭਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ‘ਜੇਕਰ ਕਿਸੇ ਕੋਲ ਆਧਾਰ ਨਹੀਂ ਹੈ ਤਾਂ ਉਸ ਨੂੰ ਆਧਾਰ ਬਣਾਉਣ ਲਈ ਕਿਹਾ ਜਾਵੇ ਪਰ ਬਦਲਵੇਂ ਢੰਗ ਤਰੀਕੇ ਦੀ ਵਰਤੋਂ ਕਰਕੇ ਉਸ ਨੂੰ ਲਾਭ ਦਿੱਤਾ ਜਾਵੇ।’ ਸੂਚਨਾ ਤਕਨਾਲੋਜੀ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਸਾਦ ਨੇ ਕਿਹਾ ਕਿ ਕਈ ਵਾਰ ਰਾਸ਼ਨ ਦੀਆਂ ਦੁਕਾਨਾਂ ’ਤੇ ਲੋਕਾਂ ਨੂੰ ਰਾਸ਼ਨ ਨਹੀਂ ਦਿੱਤਾ ਜਾਂਦਾ। ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਆਧਾਰ ਨਾ ਹੋਣ ’ਤੇ ਗੁਰੂਗ੍ਰਾਮ ਦੇ ਸਿਵਲ ਹਸਪਤਾਲ ’ਚ ਗਰਭਵਤੀ ਮਹਿਲਾ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਔਰਤ ਨੇ ਹਸਪਤਾਲ ਦੇ ਬਾਹਰ ਹੀ ਬੱਚੇ ਨੂੰ ਜਨਮ ਦੇ ਦਿੱਤਾ ਸੀ। ਇਸੇ ਤਰ੍ਹਾਂ ਬਜ਼ੁਰਗਾਂ ਦੀਆਂ ਉਂਗਲਾਂ ਦੇ ਨਿਸ਼ਾਨ ਮੇਲ ਨਹੀਂ ਖਾਂਦੇ ਤਾਂ ਉਨ੍ਹਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਆਧਾਰ ਨੰਬਰ ਦਰਜ ਕਰਕੇ ਉਨ੍ਹਾਂ ਨੂੰ ਲਾਭ ਦੇਣ। ਮੰਤਰੀ ਨੇ ਕਿਹਾ ਕਿ ਆਧਾਰ ਨੂੰ ਡਰਾਈਵਿੰਗ ਲਾਇਸੈਂਸ ਨਾਲ ਜੋੜਨ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਅਣਗਹਿਲੀ ਵਰਤਣ ਵਾਲਿਆਂ ਦੀ ਛੇਤੀ ਪਛਾਣ ਹੋ ਜਾਏਗੀ।

Comments