Close
Menu

ਆਧਾਰ ਡੇਟਾ ਸੁਰੱਖਿਅਤ ਰੱਖਣ ਲਈ ਨਵੀਂ ਤਰਕੀਬ ਅਰਥਹੀਣ: ਚਿਦੰਬਰਮ

ਨਵੀਂ ਦਿੱਲੀ, ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਸਰਕਾਰ ਵੱਲੋਂ ਆਧਾਰ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਸੁਝਾਇਆ ‘ਵਰਚੂਅਲ ਆਈਡੀ’ ਦਾ ਵਿਚਾਰ ਅਰਥਹੀਣ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਮੁਲਕ ਦੇ ਲੱਖਾਂ ਨਾਗਰਿਕ ਸਰਵਿਸ ਪ੍ਰੋਵਾਈਡਰਾਂ ਭਾਵ ਟੈਲੀਕਾਮ ਅਪਰੇਟਰਾਂ ਨਾਲ ਇਸ ਵਿਲੱਖਣ ਆਈਡੀ ਨੰਬਰ ਨੂੰ ਪਹਿਲਾਂ ਹੀ ਸਾਂਝਾ ਕਰ ਚੁੱਕੇ ਹਨ, ਲਿਹਾਜ਼ਾ ਹੁਣ ਇਹ ਨਵੀਂ ਸੁਰੱਖਿਆ ਅਰਥਹੀਣ ਹੈ। ਵਿੱਤ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ‘ਲਾਜ਼ਮੀ ਹੋਣ ਕਰਕੇ ਲੱਖਾਂ ਲੋਕ ਆਪਣਾ ਆਧਾਰ ਨੰਬਰ ਸਰਵਿਸ ਪ੍ਰੋਵਾਈਡਰਾਂ ਨਾਲ ਪਹਿਲਾਂ ਹੀ ਸਾਂਝਾ ਕਰ ਚੁੱਕੇ ਹਨ। ਨਵੀਂ ਸੁਰੱਖਿਆ ਪਰਤ, ਘੋੜਿਆਂ ਦੇ ਭੱਜ ਮਗਰੋਂ ਬਾਹਰੋਂ ਤਬੇਲੇ ਨੂੰ ਤਾਲਾ ਜੜਨ ਦੇ ਤੁੱਲ ਹੋਵੇਗੀ।’ ਯਾਦ ਰਹੇ ਕਿ ਯੂਆਈਡੀਏਆਈ, ਜੋ ਨਾਗਰਿਕਾਂ ਦੇ ਬਾਇਓਮੀਟਰਿਕਸ ਸਮੇਤ ਆਧਾਰ ਡੇਟਾ ਇਕੱਤਰ ਕਰਨ ਦੇ ਨਾਲ ਇਸ ਦੇ ਪ੍ਰਬੰਧ ਦਾ ਕੰਮ ਵੀ ਵੇਖਦੀ ਹੈ, ਨੇ ਬੀਤੇ ਦਿਨ ਆਧਾਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਵੀਂ ਦੋ ਪਰਤੀ ਵਿਵਸਥਾ ‘ਵਰਚੂਅਲ ਆਈਡੀ’ ਦਾ ਵਿਚਾਰ ਪੇਸ਼ ਕੀਤਾ ਸੀ। ਇਸ ਨਵੀਂ ਵਿਵਸਥਾ ਤਹਿਤ ਬੈਂਕ ਤੇ ਮੋਬਾਈਲ ਸਿਮ ਵੈਰੀਫਿਕੇਸ਼ਨ ਲਈ ਹੁਣ ਅੱਗੇ ਤੋਂ ਆਧਾਰ ਨੰਬਰ ਦੇਣ ਦੀ ਲੋੜ ਨਹੀਂ ਪਏਗੀ। ਸਰਕਾਰ ਨੇ ਇਹ ਪੇਸ਼ਕਦਮੀ ਆਧਾਰ ਡੇਟਾ ਵਿੱਚ ਸੰਨ੍ਹ ਲੱਗਣ ਦੀ ਰਿਪੋਰਟ ਮਗਰੋਂ ਨਿੱਜਤਾ ਦੇ ਉਲੰਘਣ ਨੂੰ ਲੈ ਕੇ ਬਣੀ ਫ਼ਿਕਰਮੰਦੀ ਨੂੰ ਮੁਖਾਤਿਬ ਹੋਣ ਲਈ ਕੀਤੀ ਹੈ। ਨਵੇਂ ਪ੍ਰਬੰਧ ਤਹਿਤ ਪ੍ਰਮਾਣਿਕਤਾ ਦੀ ਪੁਸ਼ਟੀ ਮੌਕੇ ਇਹ ਪੂਰੀ ਤਰ੍ਹਾਂ ਆਧਾਰ ਕਾਰਡ ਧਾਰਕ ’ਤੇ ਨਿਰਭਰ ਕਰੇਗਾ ਕਿ ਉਹ ਆਪਣਾ ਵਿਲੱਖਣ ਆਈਡੀ ਨੰਬਰ ਦੇਣਾ ਚਾਹੁੰਦਾ ਹੈ ਜਾਂ ਨਹੀਂ। ਬੈਂਕਾਂ ਤੇ ਟੈਲੀਕਾਮ ਅਪਰੇਟਰਾਂ ਜਿਹੀਆਂ ਅਧਿਕਾਰਤ ਏਜੰਸੀਆਂ ਨੂੰ ਆਧਾਰ ਨੰਬਰ ਦੀ ਥਾਂ ਮੌਕੇ ’ਤੇ ਜਨਰੇਟ ਵਰਚੂਅਲ 16 ਅੰਕਾਂ ਵਾਲਾ ਆਈਡੀ ਨੰਬਰ ਪ੍ਰਮਾਣਿਕਤਾ ਲਈ ਦਿੱਤਾ ਜਾ ਸਕੇਗਾ।   

Comments