Close
Menu

ਅੰਨਾ ਹਜ਼ਾਰੇ ਮੁੜ ਸ਼ੁਰੂ ਕਰਨਗੇ ਲੋਕਪਾਲ ਬਿੱਲ ਲਈ ਅੰਦੋਲਨ

ਨਵੀਂ ਦਿੱਲੀ, 6 ਦਸੰਬਰ
ਪਿਛਲੇ ਚਾਰ ਸਾਲਾਂ ਤੋਂ ਲੋਕਪਾਲ ਦੀ ਨਿਯੁਕਤੀ ਨਾ ਹੋਣ ਤੋਂ ਨਿਰਾਸ਼ ਅੰਨਾ ਹਜ਼ਾਰੇ ਵੱਲੋਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ 23 ਮਾਰਚ ਤੋਂ ਮੁੜ ਲੋਕਪਾਲ ਦੀ ਨਿਯੁਕਤੀ ਲਈ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਦਾ ਬਿਗਲ ਵਜਾਇਆ ਜਾਵੇਗਾ। ਮਹਾਰਾਸ਼ਟਰ ਸਦਨ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ  ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭ੍ਰਿਸ਼ਟਾਚਾਰ ਖ਼ਿਲਾਫ਼ ਲੜਨ ਲਈ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਬਿੱਲ ਵਿੱਚ ਹਾਲੀਆ ਤਬਦੀਲੀ ਕਰ ਕੇ ਜਨਤਕ ਨੌਕਰਸ਼ਾਹ ਨੂੰ ਲਾਜ਼ਮੀ ਤੌਰ ‘ਤੇ ਆਪਣੇ ਅਸਾਸੇ ਐਲਾਨਣ ਦੀ ਮਦ ਹਟਾਉਣ ਤੋਂ ਕੇਂਦਰ ਸਰਕਾਰ ਦੀ ਭ੍ਰਿਸ਼ਟਾਚਾਰ ਬਾਰੇ ਨੀਅਤ ਸਾਫ਼ ਝਲਕਦੀ ਹੈ। ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਕੋਈ ਨੇਤਾ ਨਾ ਹੋਣ ਕਾਰਨ ਲੋਕਪਾਲ ਨਾ ਲਾਉਣ ਬਾਰੇ ਅੰਨਾ ਨੇ ਕਿਹਾ ਕਿ ਉਹ ਘੱਟੋ-ਘੱਟ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੋਕਆਯੁਕਤ ਤਾਂ ਲਾ ਹੀ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਪਾਲ ਬਿੱਲ ਬਾਰੇ ਕੇਂਦਰ ਸਰਕਾਰ ਨੂੰ  30 ਪੱਤਰ ਲਿਖੇ, ਜਿਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੀ ਕਥਨੀ ਤੇ ਕਰਨੀ ਵਿੱਚ ਵੱਡਾ ਪਾੜਾ ਹੈ। ਜ਼ਿਕਰਯੋਗ ਹੈ ਕਿ ਸਾਲ 2011 ਵਿੱਚ ਅੰਨਾ ਹਜ਼ਾਰੇ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਲੋਕਪਾਲ ਲਈ ਵੱਡਾ ਅੰਦੋਲਨ ਸ਼ੁਰੂ ਕੀਤਾ ਸੀ।

Comments