Close
Menu

ਅਮਰੀਕਾ ਨੇ ਪਾਕਿ ਨੂੰ ਅਤਿਵਾਦੀ ਨੈੱਟਵਰਕ ਖ਼ਤਮ ਕਰਨ ਨੂੰ ਕਿਹਾ

ਵਾਸ਼ਿੰਗਟਨ, 10 ਜਨਵਰੀ
ਅਮਰੀਕਾ ਨੇ ਅੱਜ ਪਾਕਿਸਤਾਨ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਸ ਨੂੰ ਆਪਣੀ ਧਰਤੀ ’ਤੇ ਅਤਿਵਾਦੀ ਨੈੱਟਵਰਕ ਨੂੰ ਬਿਨਾਂ ਫਰਕ ਕੀਤਿਆਂ ਤਬਾਹ ਕਰਨਾ ਪਵੇਗਾ ਤੇ ਇਸ ਲਈ ਅਮਰੀਕਾ ਨੇ ਠੋਸ ਕਦਮ ਵੀ ਸੁਝਾਏ ਹਨ।
ਪੈਂਟਾਗਨ ਪ੍ਰੈੱਸ ਸਕੱਤਰ ਕਰਨਲ ਰੌਬ ਮੈਨਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਡੀਆਂ ਉਮੀਦਾਂ ਸਪੱਸ਼ਟ ਹਨ। ਤਾਲਿਬਾਨੀ ਤੇ ਹੱਕਾਨੀ ਲੀਡਰਸ਼ਿਪ ਅਤੇ ਅਤਿਵਾਦੀ ਹਮਲਾਵਰਾਂ ਕੋਲ ਕੋਈ ਵੀ ਸੁਰੱਖਿਅਤ ਥਾਂ ਨਹੀਂ ਰਹਿਣੀ ਚਾਹੀਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਪਾਕਿਸਤਾਨ ਤੋਂ ਕੋਈ ਮੁਹਿੰਮ ਚਲਾਉਣ ਦਿੱਤੀ ਜਾਵੇ।’ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਸਾਫ਼ ਤੇ ਸਪੱਸ਼ਟ ਤੌਰ ’ਤੇ ਸੁਨੇਹਾ ਦਿੱਤਾ ਹੈ ਕਿ ਉਸ ਨੂੰ ਆਪਣੀ ਧਰਤੀ ਤੋਂ ਅਤਿਵਾਦ ਦਾ ਸਫ਼ਾਇਆ ਕਰਨਾ ਪਵੇਗਾ। ਮੈਨਿੰਗ ਨੇ ਕਿਹਾ, ‘ਅਸੀਂ ਅਤਿਵਾਦੀ ਜਥੇਬੰਦੀਆਂ ਦੇ ਖਾਤਮੇ ਲਈ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹਾਂ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਸੁਰੱਖਿਆ ਸਹਿਯੋਗ ਲਈ ਦਿੱਤੀ ਜਾਂਦੀ ਹੈ। ਇਹ ਰਾਸ਼ੀ ਰੋਕੀ ਗਈ ਹੈ ਨਾ ਕਿ ਰੱਦ ਕੀਤੀ ਗਈ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪਾਕਿਸਤਾਨ ਆਪਣੇ ਦੇਸ਼ ਅੰਦਰ ਦਹਿਸ਼ਤੀਆਂ ਤੇ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਫੈਸਲਾਕੁਨ ਕਾਰਵਾਈ ਜ਼ਰੂਰ ਅਮਲ ਵਿੱਚ ਲਿਆਏਗਾ। ਪਾਕਿਸਤਾਨ ਦੀ ਸੁਰੱਖਿਆ ਸਹਿਯੋਗ ਰਾਸ਼ੀ ਪੱਕੇ ਤੌਰ ’ਤੇ ਬੰਦ ਨਹੀਂ ਕੀਤੀ ਗਈ ਹੈ।

Comments